ਜਨਗਣਨਾ 2027 ਦੇ ਦੂਜੇ ਫੇਜ ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਡਾ ਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੈਂਸਜ 2027 ਦੇ ਦੂਜੇ ਫੇਜ ਅਬਾਦੀ ਦੀ ਗਣਨਾ ਸਬੰਧੀ ਫੀਲਡ ਟ੍ਰੇਨਰਾਂ ਦੀ 3 ਰੋਜ਼ਾ ਟ੍ਰੇਨਿੰਗ ਮੁਕੰਮਲ ਹੋਈ।
ਜਨਗਨਣਾ ਦੇ ਸਫਲ ਆਯੋਜਨ ਲਈ ਜ਼ਿਲਾ ਫਾਜ਼ਿਲਕਾ ਵਿੱਚ ਦੂਜੇ ਫੇਜ ਤਹਿਤ ਤਿੰਨ ਦਿਨਾਂ ਵਿਸ਼ੇਸ਼ ਟ੍ਰੇਨਿੰਗ (21 ਸਤੰਬਰ ਤੋਂ 23 ਸਤੰਬਰ 2026) ਤਹਿਤ ਸੈਂਸਜ ਵਿਭਾਗ ਚੰਡੀਗੜ੍ਹ ਤੋਂ ਜੁਆਇਂਟ ਡਾਇਰੈਕਟਰ ਸ਼੍ਰੀ ਆਰ.ਪੀ.ਸਿੰਘ, ਸੈਂਸਜ ਕੋਆਰਡੀਨੇਟਰ ਫਾਜਿਲਕਾ ਸ਼੍ਰੀ ਕਾਰਤਿਕ ਆਰਿਆ ਅਤੇ ਚੰਡੀਗੜ੍ਹ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਏ ਮਾਸਟਰ ਟ੍ਰੇਨਰ ਫਾਜ਼ਿਲਕਾ ਲੈਕਚਰਾਰ ਸ੍ਰੀ ਸੰਦੀਪ ਅਨੇਜਾ ਜੀ ਅਤੇ ਵੱਲੋਂ ਇਸ ਟ੍ਰੇਨਿੰਗ ਵਿੱਚ 40 ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਸੈਂਸਜ ਮੁੱਖ ਦਫਤਰ ਚੰਡੀਗੜ੍ਹ ਵੱਲੋਂ ਸੈਂਸਜ 2027 ਲਈ ਫਾਜਿਲਕਾ ਜ਼ਿਲ੍ਹੇ ਲਈ ਨਿਯੁਕਤ ਸਾਰੇ ਫੀਲਡ ਟ੍ਰੇਨਰਾਂ ਲਈ ਟ੍ਰੇਨਿੰਗ ਕਿੱਟਾਂ ਮੁਹਈਆ ਕਰਵਾਈਆ ਗਈਆ ਹਨ ਤਾਂਕਿ ਫੀਲਡ ਟ੍ਰੇਨਰ ਸਮੂਹ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਵਧੀਆ ਅਤੇ ਵਿਸਤਾਰਪੂਰਵਕ ਟ੍ਰੇਨਿੰਗ ਦੇ ਸਕਣ।
ਟ੍ਰੇਨਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਜਿਲ੍ਹਾ ਸੈਂਸਜ ਅਫਸਰ ਫਾਜਿਲਕਾ ਡਾ. ਮਨਦੀਪ ਕੌਰ ਵੱਲੋਂ ਸਾਰੇ 40 ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਕਿੱਟ ਵੰਡਦੇ ਹੋਏ ਹਦਾਇਤ ਕੀਤੀ ਗਈ ਕਿ ਸੈਂਸਜ 2027 ਦੇ ਦੂਜੇ ਫੇਜ ਦੇ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਅਤੇ ਜਿੰਮੇਵਾਰੀਆਂ ਪੂਰੀ ਨਿਸ਼ਠਾ ਅਤੇ ਸਮੇਂ ਸਿਰ ਨਿਭਾਈਆਂ ਜਾਣ।
ਜਨਗਣਨਾ 2027 ਦੂਜੇ ਫੇਜ ਦੀ ਟ੍ਰੇਨਿੰਗ ਦੇ ਤੀਜੇ ਅਤੇ ਆਖਰੀ ਦਿਨ ਟ੍ਰੇਨਿੰਗ ਵਿੱਚ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਥਾਰਪੂਰਵਕ ਪ੍ਰੈਕਟੀਕਲ ਤੌਰ ਤੇ ਟ੍ਰੇਨਿੰਗ ਦਿੱਤੀ ਗਈ ਅਤੇ ਫੀਲਡ ਟ੍ਰੇਨਰਾਂ ਦੁਆਰਾ ਫੀਲਡ ਵਿੱਚ ਜਾ ਕੇ ਮੋਬਾਇਲ ਐਪ ਉੱਪਰ ਡਾਟਾ ਭਰਨ ਦੀ ਪ੍ਰੈਕਟਿਸ ਕੀਤੀ ਗਈ।
ਸੈਂਸਜ ਵਿਭਾਗ ਚੰਡੀਗੜ੍ਹ ਤੋਂ ਆਏ ਜੁਆਇਂਟ ਡਾਇਰੈਕਟਰ ਸ਼੍ਰੀ ਆਰ.ਪੀ.ਸਿੰਘ ਜੀ ਵੱਲੋਂ ਟ੍ਰੇਨਿੰਗ ਦੌਰਾਨ ਦੱਸਿਆ ਗਿਆ ਕਿ ਪੰਜਾਬ ਰਾਜ ਵਿੱਚ ਅਬਾਦੀ ਦੀ ਗਣਨਾ 01 ਦਸੰਬਰ 2026 ਤੋਂ 04.01.2027 ਤੱਕ ਕੀਤੀ ਜਾਵੇਗੀ ਅਤੇ 04.01.2027 ਸ਼ਾਮ 06 ਵਜੇ ਤੋਂ ਰਾਤ 12 ਵਜੇ ਤੱਕ ਬੇਘਰੇ ਲੋਕਾਂ ਦੀ ਗਣਨਾ ਕੀਤੀ ਜਾਵੇਗਾ ਅਤੇ ਸੈਲਫ਼-ਇਨਯੂਮਰੇਸ਼ਨ ਦੀ ਸੁਵਿਧਾ ਵੀ ਪਹਿਲੇ ਫੇਜ ਦੀ ਤਰ੍ਹਾਂ ਉਪਲਬਧ ਰਹੇਗੀ। ਜਨਗਣਨਾ ਦੀ ਪੂਰੀ ਕਾਰਵਾਈ ਡਿਜੀਟਲ ਮੋਡ ਰਾਹੀਂ ਸੰਪੰਨ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਸਰਕਾਰ ਵੱਲੋਂ 16 ਨਵੰਬਰ ਤੋਂ 30 ਨਵੰਬਰ 2026 ਤੱਕ 15 ਦਿਨ ਲਈ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕੇਗਾ।
ਇਸ ਮੌਕੇ ਲਖਵਿੰਦਰ ਸਿੰਘ ਡਿਪਟੀ ਈ.ਐਸ.ਏ-ਕਮ-ਵਧੀਕ ਜ਼ਿਲ੍ਹਾ ਸੈਂਸਜ਼ ਅਫਸਰ ,ਅਮਨ ਗਿਰਧਰ, ਸੁਰਿੰਦਰ ਕੰਬੋਜ,ਰਾਕੇਸ਼, ਜ਼ਿਲ੍ਹਾ ਸੈਂਸਜ਼ ਸੈਲ ਤੋਂ ਵਿਵੇਕ ਕਟਾਰੀਆ, ਅਸ਼ੀਸ਼ ਗੁੰਬਰ, ਵਰਿੰਦਰ ਨਾਰੰਗ ਹਾਜ਼ਰ ਸਨ।