ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਮਨੁੱਖਤਾ ਦੀ ਸੇਵਾ ਲਈ ਚਲਾਈ ਜਾ ਰਹੀ ਇੱਕ ਕਦਮ ਆਸ਼ਾ ਦਾ ਮੁਹਿੰਮ ਤਹਿਤ 25 ਜੁਲਾਈ ਨੂੰ ਮਾਡਰਨ ਸੈਕੂਲਰ ਪਬਲਿਕ ਸਕੂਲ, ਧੂਰੀ ਵਿਖੇ ਤੀਜਾ ਮੁਫ਼ਤ ਬਨਾਉਟੀ ਅੰਗ (ਲੱਤਾਂ) ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਰੋਟਰੀ ਕਲੱਬ ਚੰਡੀਗੜ੍ਹ ਸੈਂਟਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਹਰ ਸਾਲ ਪੰਜਾਬ ਦੇ ਵੱਖ—ਵੱਖ ਜ਼ਿਲਿਆਂ ਵਿੱਚ ਸਰੀਰਕ ਤੌਰ ਤੇ ਦਿਵਿਆਂਗ ਅਤੇ ਆਰਥਿਕ ਤੌਰ ਤੇ ਲੋੜਵੰਦ ਵਿਅਕਤੀਆਂ ਲਈ ਮੁਫ਼ਤ ਬਨਾਉਟੀ ਅੰਗ (ਲੱਤਾਂ ਅਤੇ ਬਾਂਹਾਂ) ਲਗਾਉਣ ਦੇ ਕੈਂਪ ਲਗਾਏ ਜਾਂਦੇ ਹਨ। ਇਸ ਲੜੀ ਤਹਿਤ ਧੂਰੀ ਵਿੱਚ ਇਹ ਤੀਜਾ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਲੋੜਵੰਦਾਂ ਨੂੰ ਨਵੀਂ ਉਮੀਦ ਅਤੇ ਆਤਮ—ਵਿਸ਼ਵਾਸ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਪ੍ਰਦਾਨ ਕਰਨਾ ਹੈ।
ਉਹਨਾਂ ਦੱਸਿਆ ਕਿ ਕੈਂਪ ਵਿੱਚ ਮਾਹਿਰ ਡਾਕਟਰਾਂ ਅਤੇ ਟੈਕਨੀਸ਼ੀਅਨਾਂ ਦੀ ਵਿਸ਼ੇਸ਼ ਟੀਮ ਪਹੁੰਚੇਗੀ, ਜੋ ਮੌਕੇ ਤੇ ਹੀ ਲੋੜਵੰਦ ਵਿਅਕਤੀਆਂ ਦੀ ਜਾਂਚ ਕਰਕੇ ਉਹਨਾਂ ਦਾ ਨਾਪ ਲਵੇਗੀ ਅਤੇ ਉਹਨਾਂ ਦੇ ਸਰੀਰਕ ਮਾਪ ਅਨੁਸਾਰ ਬਨਾਉਟੀ ਅੰਗ ਤਿਆਰ ਕਰੇਗੀ। ਇਸ ਪੂਰੀ ਪ੍ਰਕਿਰਿਆ ਲਈ ਲੋੜਵੰਦਾਂ ਤੋਂ ਕਿਸੇ ਵੀ ਕਿਸਮ ਦੀ ਫੀਸ ਨਹੀਂ ਲਈ ਜਾਵੇਗੀ।
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਸਮੂਹ ਲੋੜਵੰਦ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਕੈਂਪ ਲਈ ਰਜਿਸਟਰੇਸ਼ਨ ਜਾਰੀ ਹੈ ਅਤੇ ਕੋਈ ਵੀ ਲੋੜਵੰਦ ਵਿਅਕਤੀ ਆਪਣਾ ਪੰਜਾਬ ਫਾਊਂਡੇਸ਼ਨ ਦੇ ਕਿਸੇ ਵੀ ਡਾਇਰੈਕਟਰ ਨਾਲ ਸੰਪਰਕ ਕਰਕੇ ਜਾਂ ਆਪਣੇ ਨੇੜਲੇ ਸਕੂਲ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ। ਰੋਟਰੀ ਕਲੱਬ ਚੰਡੀਗੜ ਸੈਂਟਰਲ ਦੇ ਪ੍ਰਧਾਨ ਵਿੰਗ ਕਮਾਂਡਰ ਡਾ. ਜੇ.ਐਸ. ਮਿਨਹਾਸ ਨੇ ਦੱਸਿਆ ਕਿ ਪਹਿਲਾਂ ਧੂਰੀ ਵਿਖੇ ਲੱਗੇ ਦੋ ਕੈਂਪਾਂ ਵਿੱਚ 400 ਤੋਂ ਵਧੇਰੇ ਲੋੜਵੰਦ ਵਿਅਕਤੀਆਂ ਦੇ ਬਨਾਉਟੀ ਅੰਗ (ਲੱਤਾਂ ਅਤੇ ਬਾਂਹਾਂ) ਲਗਾਈਆਂ ਗਈਆਂ।