ਪੰਜਾਬ ਵਿਜੀਲੈਂਸ ਬਿਊਰੋ (VB) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪਟਵਾਰਖਾਨਾ ਲੋਹਾਰਾ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਪਟਵਾਰੀ ਅੰਕੁਰ ਕਟਾਰੀਆ ਅਤੇ ਉਸਦੇ ਏਜੰਟ ਰਾਜਾ ਨੂੰ 4,000/- ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਨਿਊ ਰਾਮ ਨਗਰ, ਲੋਹਾਰਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਸਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪਟਵਾਰੀ ਅੰਕੁਰ ਕਟਾਰੀਆ ਕੋਲ ਆਪਣੇ ਘਰ ਦਾ 30 ਸਾਲਾਂ ਦਾ ਮਾਲਕੀ ਰਿਕਾਰਡ ਪ੍ਰਾਪਤ ਕਰਨ ਲਈ ਸੰਪਰਕ ਕੀਤਾ, ਜੋ ਕਿ ਬੈਂਕ ਕਰਜ਼ਾ ਪ੍ਰਾਪਤ ਕਰਨ ਲਈ ਲੋੜੀਂਦਾ ਦਸਤਾਵੇਜ਼ ਹੈ। ਦੋਸ਼ੀ ਪਟਵਾਰੀ ਨੇ ਉਸਨੂੰ ਰਾਜਾ ਨਾਮਕ ਇੱਕ ਵਿਚੋਲੇ ਨਾਲ ਤਾਲਮੇਲ ਕਰਨ ਦਾ ਨਿਰਦੇਸ਼ ਦਿੱਤਾ। ਏਜੰਟ, ਰਾਜਾ, ਨੇ ਉਸਦੇ ਘਰ ਦਾ ਲੋੜੀਂਦਾ ਮਾਲੀਆ ਰਿਕਾਰਡ ਪ੍ਰਦਾਨ ਕਰਨ ਦੇ ਬਦਲੇ 5,000/- ਰੁਪਏ ਦੀ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ। ਉਸਨੇ ਪਹਿਲੀ ਕਿਸ਼ਤ ਵਜੋਂ ਮੌਕੇ ‘ਤੇ ਹੀ 1,000/- ਰੁਪਏ ਸਵੀਕਾਰ ਕਰ ਲਏ, ਅਤੇ ਇਸ ਤੋਂ ਬਾਅਦ ਉਸਦੇ ਘਰ ਦੇ 30 ਸਾਲਾਂ ਦੇ ਮਾਲੀਆ ਰਿਕਾਰਡ ਦੀ ਡਿਲੀਵਰੀ ਸਮੇਂ 4,000/- ਰੁਪਏ ਦੀ ਰਿਸ਼ਵਤ ਦੀ ਬਾਕੀ ਰਕਮ ਲੈਣ ਲਈ ਸਹਿਮਤ ਹੋ ਗਿਆ।
ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰ ਕਰਦੇ ਹੋਏ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਪਟਵਾਰੀ ਅਤੇ ਉਸਦੇ ਏਜੰਟ ਦੋਵਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧ ਵਿੱਚ, ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।