ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਫਾਜ਼ਿਲਕਾ ਵਿਖੇ 04 ਅਤੇ ਅਬੋਹਰ ਵਿਖੇ 05 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਬੱਸਾਂ ਦੇ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ ਅਤੇ ਖਰਾਬ ਬੱਸਾਂ ਨੂੰ ਜਬਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਵੈਨ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਜਾਗਰੂਕ ਕੀਤਾ ਗਿਆ। ਇਸ ਦੌਰਾਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨ ਅਤੇ ਇਸ ਸਬੰਧੀ ਕੋਈ ਵੀ ਅਣਗਹਿਲੀ ਸਬੰਧੀ ਛੂਟ ਦੇਣ ਯੋਗ ਨਹੀਂ ਹੋਵੇਗੀ ਬਾਰੇ ਵੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਡੀ ਬੱਚਿਆਂ ਦੇ ਪਰਿਵਾਰਾਂ ਅਤੇ ਸਕੂਲਾਂ ਨੂੰ ਅਪੀਲ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਦੇਸ਼ ਅਨੁਸਾਰ ਸਕੂਲੀ ਬੱਸਾਂ ਦੇ ਸ਼ੀਸ਼ਿਆਂ ਦੇ ਬਾਹਰ ਗਰਿੱਲਾਂ ਹੋਣੀਆਂ ਲਾਜ਼ਮੀ, ਸਕੂਲ ਬੱਸ ਵਿੱਚ ਸਪੀਡ ਗਵਰਨਰ ਲਾਜ਼ਮੀ, ਸਕੂਲ ਬੱਸ ਦੀਆਂ ਤਾਕੀਆਂ ਦੇ ਲੌਕ ਲਾਜ਼ਮੀ, ਸਕੂਲ ਬੱਸ ਵਿੱਚ ਫਸਟ ਏਡ ਬਾਕਸ ਲਾਜ਼ਮੀ, ਸਕੂਲ ਬੱਸ ਵਿੱਚ ਬੱਚਿਆਂ ਦੇ ਬੈਗ ਰੱਖਣ ਲਈ ਜਗ੍ਹਾ ਲਾਜ਼ਮੀ, ਸਕੂਲ ਬੱਸ ਵਿੱਚ ਡਰਾਈਵਰਾਂ ਕੋਲ 4 ਸਾਲ ਦਾ ਤਜਰਬਾ ਲਾਜ਼ਮੀ, ਸਕੂਲ ਬੱਸ ਵਿੱਚ ਐਮਰਜੈਂਸੀ ਤਾਕੀਆਂ (ਅੱਗੇ, ਪਿੱਛੇ) ਲਾਜ਼ਮੀ, ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦਾ ਰੰਗ ਸੁਨਿਹਰੀ ਪੀਲਾ ਹੋਣਾ ਲਾਜ਼ਮੀ, ਸਕੂਲ ਬੱਸ ਦੇ ਸੀ.ਸੀ.ਟੀ.ਵੀ ਕੈਮਰੇ ਅਤੇ 60 ਦਿਨ ਦਾ ਫੂਟੇਜ਼ ਹੋਣਾ ਲਾਜ਼ਮੀ, ਜੇਕਰ ਸਕੂਲ ਬੱਸ ਕਿਰਾਏ ਤੇ ਹੈ ਤਾਂ ਬੱਸ ਤੇ ਆਨ ਡਿਊਟੀ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਹੋਣ, ਸਕੂਲ ਬੱਸ ਵਿੱਚ ਡਰਾਇਵਰ ਕੋਲ ਬੱਚਿਆਂ ਦੇ ਨਾਮ, ਪਤਾ, ਕਲਾਸ ਦੀ ਲਿਸਟ ਹੋਣਾ ਲਾਜ਼ਮੀ, ਸਕੂਲ ਬੱਸ ਦੇ ਡਰਾਈਵਰ ਦੇ ਫਿੱਕੇ ਨੀਲੇ ਰੰਗ ਦੀ ਕਮੀਜ, ਪੈਂਟ ਅਤੇ ਕਾਲੇ ਬੂਟ ਅਤੇ ਨਾਮ ਦੀ ਨੇਮ-ਪਲੇਟ ਲੱਗੀ ਹੋਣੀ ਲਾਜ਼ਮੀ, ਸਕੂਲ ਬੱਸ ਤੇ ਸਕੂਲ ਦਾ ਨਾਮ ਅਤੇ ਨੰਬਰ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦੇ ਫੁੱਟ ਸਟੈਪ 200 ਮਿਲੀਮੀਟਰ ਤੋਂ ਵੱਧ ਨਾ ਹੋਵੇ। ਉਨ੍ਹਾਂ ਕਿਹਾ ਕਿ ਉਕਤ ਨਿਯਮਾਂ ਨੂੰ ਨਾ ਮੰਨਣ ਵਾਲੇ ਖਿਲਾਫ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਟੀਮ ਦੇ ਮੈਂਬਰ, ਕੋਸ਼ਲ ਬਾਲ ਸੁਰੱਖਿਆ ਅਫਸਰ (CPO IC), ਰਣਵੀਰ ਕੌਰ ਬਾਲ ਸੁਰੱਖਿਆ ਅਫਸਰ (CPO NIC), ਟ੍ਰੈਫਿਕ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।