ਫਾਜ਼ਿਲਕਾ ਦੇ ਵਿਧਾਇਕ ਸ੍ਰ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਪਿੰਡ ਆਲਮਸ਼ਾਹ, ਖਿਓਵਾਲੀ ਢਾਬ, ਖੁਈਖੇੜਾ, ਘੁਰਕਾ ਤੇ ਕਾਂਵਾਵਾਲੀ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ, ਸਰਪੰਚਾਂ/ਪੰਚਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਖੁਸ਼ਬੂ ਸਾਵਨਸੁੱਖਾ ਸਵਨਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਵਿੱਚ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ। ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਆਫ, ਮੁੱਖ ਮੰਤਰੀ ਮਾਵਾਂ ਧੀਆ ਸਤਿਕਾਰ ਯੋਜਨਾ ਤਹਿਤ ਐੱਸ.ਸੀ. ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਤੇ ਬਾਕੀ ਵਰਗਾਂ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਦਾ ਮੁਫ਼ਤ ਇਲਾਜ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਰਾਸ਼ਨ ਸਹੂਲਤ, ਸਰਕਾਰੀ ਨੌਕਰੀਆਂ, ਸੜਕ ਸੁਰੱਖਿਆ ਯੋਜਨਾ, ਸਕੂਲਾਂ ਦਾ ਆਧੁਨਿਕੀਕਰਨ ਤੇ ਇੰਟਰੈਕਟਿਵ ਟੀਵੀ ਪੈਨਲ, ਨਹਿਰਾਂ ਤੇ ਖਾਲਿਆਂ ਦਾ ਸੁਧਾਰ, ਪਿੰਡਾਂ ਦੀਆਂ ਗਲੀਆਂ, ਨਾਲੀਆਂ ਤੇ ਸੜਕਾਂ ਦਾ ਸੁਧਾਰ, ਵਾਲੀਵਾਲ ਦੇ ਗ੍ਰਾਊਂਡ ਆਦਿ ਅਨੇਕਾਂ ਕੰਮ ਸੰਪੂਰਨ ਕੀਤੇ ਗਏ ਤੇ ਆਉਣ ਵਾਲੇ ਮਹੀਨਿਆਂ ਵਿੱਚ ਰਹਿੰਦੇ ਸਾਰੇ ਵਿਕਾਸ ਦੇ ਕੰਮ ਨੇਪਰੇ ਚਾੜ੍ਹੇ ਜਾਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ ਤੇ ਅਨੇਕਾਂ ਹੀ ਵਿਕਾਸ ਦੇ ਕੰਮ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਤੁਹਾਡੇ ਹਲਕੇ ਦੇ ਵਿਧਾਇਕ ਦੀ ਪਤਨੀ ਤੁਹਾਡੇ ਵਿੱਚ ਵਿਚਰ ਕੇ ਤੁਹਾਡੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ, ਲੋਕਾਂ ਨਾਲ ਕੀਤੇ ਹਰ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸਰਕਾਰੀ ਹਸਪਤਾਲ ਵਿੱਚ ਸੀ.ਟੀ.ਸਕੈਨ ਸਮੇਤ ਅਨੇਕਾਂ ਨਵੀਆਂ ਮਸ਼ੀਨਾਂ ਲਗਾਈਆਂ ਤੇ ਨਵੇਂ ਡਾਕਟਰ ਤੈਨਾਤ ਕੀਤੇ ਤੇ ਅਨੇਕਾਂ ਹਸਪਤਾਲਾਂ ਦਾ ਆਧੁਨੀਕੀਕਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਹਸਪਤਾਲਾਂ ਵਿੱਚ ਗਰਭਵਤੀ ਮਹਿਲਾਵਾਂ ਦਾ ਮੁਫ਼ਤ ਆਧੁਨਿਕ ਸਹੂਲਤਾਂ ਨਾਲ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਕਦੇ ਵੀ ਪਿੱਛੇ ਨਾ ਹਟਣ ਤੇ ਲੋਕਾਂ ਦੇ ਕੰਮ ਕਰਵਾਉਣ ਵਿੱਚ ਜੇਕਰ ਮੇਰੀ ਲੋੜ ਹੈ ਤਾਂ ਮੈਨੂੰ ਬੇਝਿਜਕ ਹੋ ਕੇ ਦੱਸਣ ਤਾਂ ਜੋ ਲੋਕਾਂ ਦੇ ਹਰ ਕੰਮ ਕੀਤੇ ਜਾ ਸਕਣ। ਉਨ੍ਹਾਂ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਸਮੱਸਿਆਵਾਂ ਦੇ ਹੱਲ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਜਿੱਤਣ ਲਈ ਵਰਕਰ ਪੂਰੀ ਮਿਹਨਤ ਲਗਾ ਦੇਣ ਤੇ ਕੋਈ ਕਸਰ ਨਾ ਛੱਡਣ।
ਇਸ ਮੌਕੇ ਵੱਖ -ਵੱਖ ਪਿੰਡਾਂ ਦੇ ਮੌਜੂਦਾ ਸਰਪੰਚ, ਸਾਬਕਾ ਸਰਪੰਚ, ਬਲਾਕ ਸਮਿਤੀ ਮੇਂਬਰ, ਬਲਾਕ ਪ੍ਰਧਾਨ, ਵਰਕਰ ਜ਼ਿਲਾ ਪ੍ਰੀਸ਼ਦ ਮੈਂਬਰ, ਚੇਅਰਮੈਨ ਅਤੇ ਹੋਰ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਨ |