ਸਰਹਿੰਦ ਜੀ.ਟੀ. ਰੋਡ ’ਤੇ ਦਹਾਕਿਆਂ ਤੋਂ ਕਾਰੋਬਾਰ ਕਰ ਰਹੇ ਟਰੱਕ-ਬੱਸ ਬਾਡੀ ਬਿਲਡਰਾਂ ਅਤੇ ਦੁਕਾਨਦਾਰਾਂ ਦੇ ਲੰਮੇ ਸਮੇਂ ਤੋਂ ਲਟਕਦੇ ਮਾਮਲੇ ਨੂੰ ਲੈ ਕੇ ਟਰੱਕ ਬਾਡੀ ਬਿਲਡਰ ਐਸੋਸੀਏਸ਼ਨ, ਭਾਜਪਾ ਅਤੇ ਕਾਂਗਰਸ ਦੇ ਸਾਂਝੇ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਨੂੰ ਵਿਸਥਾਰਤ ਮੰਗ-ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਵਫ਼ਦ ਵਿੱਚ ਸ਼ਾਮਲ ਆਗੂਆਂ ਦੀਦਾਰ ਸਿੰਘ ਭੱਟੀ, ਕੁਲਜੀਤ ਸਿੰਘ ਨਾਗਰਾ ਅਤੇ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਇਹ ਸਿਰਫ਼ ਦੁਕਾਨਾਂ ਦਾ ਵਿਵਾਦ ਨਹੀਂ, ਸਗੋਂ ਸਾਲ 1990 ਤੋਂ ਆਪਣੀ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਪਰਿਵਾਰਾਂ ਦੇ ਹੱਕ, ਇਨਸਾਫ਼ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਨਾਲ ਜੁੜਿਆ ਗੰਭੀਰ ਮਾਮਲਾ ਹੈ।
ਉਨ੍ਹਾਂ ਮੰਗ ਕੀਤੀ ਕਿ ਮੰਡੀ, ਅਲਾਟਮੈਂਟ, ਮੁਆਵਜ਼ੇ ਅਤੇ ਕਬਜ਼ੇ ਨਾਲ ਸਬੰਧਤ ਸਾਰੇ ਸਰਕਾਰੀ ਰਿਕਾਰਡ ਦੀ ਨਿਰਪੱਖ ਜਾਂਚ ਕਰਵਾ ਕੇ ਅਸਲ ਤੱਥ ਲੋਕਾਂ ਸਾਹਮਣੇ ਰੱਖੇ ਜਾਣ।
ਪਰਮਜੀਤ ਸਿੰਘ ਕੈਂਥ ਨੇ ਕਿਹਾ, “ਜੇ ਸਰਕਾਰੀ ਰਿਕਾਰਡ ਵਿੱਚ ਸਭ ਕੁਝ ਠੀਕ ਹੈ ਤਾਂ ਉਸ ਨੂੰ ਜਨਤਕ ਕਰਨ ਵਿੱਚ ਹਿਚਕਚਾਹਟ ਕਿਉਂ? ਅਤੇ ਜੇ ਕਿਤੇ ਗਲਤੀ ਹੋਈ ਹੈ ਤਾਂ ਜ਼ਿੰਮੇਵਾਰਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਛੋਟੇ ਦੁਕਾਨਦਾਰਾਂ ਨੂੰ ਦਹਾਕਿਆਂ ਤੱਕ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਵਾਉਣਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
ਵਫ਼ਦ ਨੇ ਮੰਗ ਕੀਤੀ ਕਿ ਸਾਲ 1990 ਤੋਂ ਹੁਣ ਤੱਕ ਮਾਲ ਵਿਭਾਗ, ਮੰਡੀ ਬੋਰਡ ਅਤੇ ਹੋਰ ਸਬੰਧਤ ਵਿਭਾਗਾਂ ਦੇ ਰਿਕਾਰਡ ਦੀ ਸਮਾਂਬੱਧ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਦੁਕਾਨਾਂ ਦੀ ਅਲਾਟਮੈਂਟ, ਮੁਆਵਜ਼ੇ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਤੱਥ ਜਨਤਕ ਕੀਤੇ ਜਾਣ, ਤਾਂ ਜੋ ਦਹਾਕਿਆਂ ਤੋਂ ਚੱਲ ਰਹੇ ਇਸ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇ।
ਕੈਂਥ ਨੇ ਕਿਹਾ, “ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਸਰਕਾਰੀ ਰਿਕਾਰਡ ਨਹੀਂ ਬਦਲਣਾ ਚਾਹੀਦਾ। ਇਸ ਮਾਮਲੇ ਵਿੱਚ ਫ਼ੈਸਲਾ ਕਾਨੂੰਨ, ਰਿਕਾਰਡ ਅਤੇ ਤੱਥਾਂ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਸਿਆਸੀ ਦਬਾਅ ’ਤੇ।”
ਵਫ਼ਦ ਨੇ ਚੇਤਾਵਨੀ ਦਿੱਤੀ ਕਿ ਜੇ ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਲੋਕਤੰਤਰਿਕ ਢੰਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।