ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਦੀ ਅੰਤਿਮ ਅਰਦਾਸ ਅਤੇ ਭੋਗ 1 ਜੂਨ 2025 ਨੂੰ ਹੋਵੇਗਾ

ਭਾਰਤੀ ਸਾਹਿਤ, ਸਿੱਖ ਧਰਮ ਸ਼ਾਸਤਰ ਅਤੇ ਤੁਲਨਾਤਮਕ ਧਾਰਮਿਕ ਅਧਿਐਨ ਦੇ ਖੇਤਰ ਵਿੱਚ ਇੱਕ ਉੱਚ ਪੱਧਰੀ ਹਸਤੀ, ਇੱਕ ਪ੍ਰਸਿੱਧ ਸ਼੍ਰੋਮਣੀ ਵਿਦਵਾਨ ਲੇਖਕ ਪਦਮ ਸ਼੍ਰੀ ਡਾ. ਸਰਦਾਰ ਰਤਨ ਸਿੰਘ ਜੱਗੀ 22 ਮਈ, 2025 ਨੂੰ ਆਪਣੇ ਸਵਾਸਾਂ ਦੀ ਪੂੰਜੀ ਸਮੇਟਦੇ ਹੋਏ ਵਿਦਵਤਾ, ਨਿਮਰਤਾ ਅਤੇ ਗਿਆਨ ਦੀ ਸੇਵਾ ਦੀ ਇੱਕ ਸਦੀਵੀ ਵਿਰਾਸਤ ਛੱਡ ਕੇ ਚਲੇ ਗਏ ਹਨ, ਉਨ੍ਹਾਂ ਦੇ ਅਕਾਲ ਚਲਾਣੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਗੁਰਚਰਨ ਸਿੰਘ ਚੰਨੀ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਸੂਬੇ ਅਤੇ ਕੇਂਦਰ ਦੇ ਕਈ ਮੰਤਰੀਆਂ ਨੇ ਉਨ੍ਹਾਂ ਦੇ ਸਪੁੱਤਰ ਮਾਲਵਿੰਦਰ ਸਿੰਘ ਜੱਗੀ ਆਈ ਏ ਐਸ (ਸੇਵਾਮੁਕਤ) ਅਤੇ ਜੱਗੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਨਮਿਤ ਭੋਗ ਅਤੇ ਅੰਤਿਮ ਅਰਦਾਸ 1 ਜੂਨ, 2025 ਨੂੰ ਐਤਵਾਰ, ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ , ਨੇੜੇ ਫੁਹਾਰਾ ਚੌਕ, ਮਾਲ ਰੋਡ, ਪਟਿਆਲਾ ਵਿਖੇ ਹੋਵੇਗੀ। ਪਦਮ ਸ਼੍ਰੀ, ਸ਼੍ਰੋਮਣੀ ਵਿਦਵਾਨ ਡਾ. ਰਤਨ ਸਿੰਘ ਜੱਗੀ

ਡਾ. ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ। ਡਾ. ਰਤਨ ਸਿੰਘ ਜੱਗੀ ਨੇ ਆਪਣਾ ਸਮੁੱਚਾ ਜੀਵਨ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤੀ ਲਹਿਰ ਸਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਲਈ (ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ) ਸਮਰਪਿਤ ਕੀਤਾ।

ਉਹਨਾਂ ਦਾ ਜਨਮ 27 ਜੁਲਾਈ, 1927 ਨੂੰ ਹੋਇਆ ਅਤੇ ਉਹਨਾਂ ਨੇ ਆਪਣੇ ਜੀਵਨ ਪੰਧ ਦੇ 6 ਤੋਂ ਵੱਧ ਦਹਾਕੇ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਮੱਧਕਾਲੀ ਸਾਹਿਤ ਦੇ ਲੇਖੇ ਲਾਏ ਹਨ। ਉਹ 1987 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾਮੁਕਤ ਹੋਏ।

ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਅਤੇ ਸੰਸਕ੍ਰਿਤ ਦੀ ਗੂੜੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਉਹਨਾਂ ਨੇ ਕਿਤਾਬਾਂ, ਟੀਕਾਕਾਰੀ ਅਤੇ ਵਿਸ਼ਵਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਵਿਆਪਕ ਅਤੇ ਗਿਆਨ ਭਰਪੂਰ ਯੋਗਦਾਨ ਪਾਇਆ।

ਉਹਨਾਂ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ” (ਦਸਮ ਗ੍ਰੰਥ ਵਿਚਲੀਆਂ ਪੌਰਾਣਿਕ ਰਚਨਾਵਾਂ ਦਾ ਆਲੋਚਨਾਤਮਕ ਅਧਿਐਨ) ਵਿਸ਼ੇ ‘ਤੇ ਪੀ.ਐਚ.ਡੀ. ਕੀਤੀ ਅਤੇ “ਦਸਮ ਗ੍ਰੰਥ ਕੀ ਪੌਰਣਿਕ ਪਰਿਸ਼ਟਭੂਮੀ” ਨਾਮੀ ਪੁਸਤਕ ਸਾਹਿਤ ਜਗਤ ਦੀ ਝੋਲੀ ਪਾਈ, ਜਿਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਪੂਰ ਸ਼ਲਾਘਾ ਹਾਸਲ ਹੋਈ। ਡਾ. ਜੱਗੀ ਨੇ 1973 ਵਿੱਚ ਮਗਧ ਯੂਨੀਵਰਸਿਟੀ, ਬੋਧਗਯਾ ਤੋਂ ਹਿੰਦੀ ਵਿੱਚ “ਸ੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ” (ਗੁਰੂ ਨਾਨਕ: ਸ਼ਖਸੀਅਤ, ਰਚਨਾ ਅਤੇ ਸਿੱਖਿਆਵਾਂ) ਵਿਸ਼ੇ ‘ਤੇ ਡੀ.ਲਿਟ. ਦੀ ਡਿਗਰੀ ਹਾਸਲ ਕੀਤੀ। ਸਮਾਜ ਪ੍ਰਤੀ ਆਪਣੇ ਸਾਹਿਤਕ ਯੋਗਦਾਨ ਨੂੰ ਜਾਰੀ ਰੱਖਦਿਆਂ ਉਹਨਾਂ ਨੇ ਸੇਵਾ ਅਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਈ ਕਿਤਾਬਾਂ ਲਿਖੀਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਹਨਾਂ ਵੱਲੋਂ ਰਚਿਤ ਪੁਸਤਕ “ਗੁਰੂ ਨਾਨਕ ਬਾਣੀ: ਪਾਠ ਅਤੇ ਵਿਆਖਿਆ” ਨੂੰ ਪੰਜਾਬੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ।

ਸਾਹਿਤ ਜਗਤ ਵਿੱਚ ਹੋਰ ਪੂਰਨੇ ਪਾਉਂਦਿਆਂ ਉਹਨਾਂ ਨੇ ਗੁਰੂ ਨਾਨਕ ਬਾਣੀ ਤੇ ਅਧਾਰਿਤ ਪਹਿਲੀ ਰਚਨਾ “ਗੁਰੂ ਨਾਨਕ:ਜੀਵਨੀ ਅਤੇ ਵਿਅਕਤੀਤਵ” ਅਤੇ ਦੂਜੀ ਪੁਸਤਕ “ਗੁਰੂ ਨਾਨਕ ਦੀ ਵਿਚਾਰਧਾਰਾ” ਵੀ ਪ੍ਰਕਾਸ਼ਿਤ ਕੀਤੀ ਅਤੇ ਇਹਨਾਂ ਦੋਵੇਂ ਰਚਨਾਵਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਨੇ 1994 ਵਿੱਚ “ਪੰਜਾਬੀ ਸਾਹਿਤ ਸੰਦਰਭ ਕੋਸ਼” (ਪੰਜਾਬੀ ਸਾਹਿਤ ਦਾ ਹਵਾਲਾ ਕੋਸ਼) ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਸਾਲ 1998 ਤੋਂ 2002 ਤੱਕ ਡਾ. ਜੱਗੀ ਨੇ ਪੰਜ ਜਿਲਦਾਂ ਵਿੱਚ “ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ” ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਵਿਸ਼ਵਕੋਸ਼ ਦੀ ਲੋੜ ਨੂੰ ਸਮਝਦੇ ਹੋਏ, ਡਾ. ਜੱਗੀ ਨੇ ਸੰਖੇਪ ਪਰ ਪ੍ਰਮਾਣਿਤ ਢੰਗ ਨਾਲ ਸਾਲ 2002 ਵਿੱਚ “ਗੁਰੂ ਗ੍ਰੰਥ ਵਿਸ਼ਵਕੋਸ਼” ਦਾ ਸੰਕਲਨ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਸਾਲ 2013 ਵਿੱਚ ਡਾ. ਜੱਗੀ ਨੇ 8 ਜਿਲਦਾਂ ਵਿੱਚ ਪ੍ਰਕਾਸ਼ਿਤ “ਭਾਵ ਪ੍ਰਬੋਧਨੀ ਟੀਕਾ-ਸ੍ਰੀ ਗੁਰੂ ਗ੍ਰੰਥ ਸਾਹਿਬ” ਨਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਆਪਕ ਟੀਕਾ ਤਿਆਰ ਕਰਕੇ ਸਿੱਖ ਧਰਮ ਲਈ ਆਪਣੀ ਸਭ ਤੋਂ ਵੱਡੀ ਸੇਵਾ ਨਿਭਾਈ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸਤ੍ਰਿਤ ਵਿਆਖਿਆ ਹੈ ਅਤੇ ਜੋ ਕਿ ਮਾਨਵਤਾ ਲਈ ਬੇਹੱਦ ਅਹਿਮ ਸਿੱਧ ਹੋ ਰਿਹਾ ਹੈ। ਸਾਲ 2017 ਵਿੱਚ ਡਾ. ਜੱਗੀ ਨੇ ਇਸ ਟੀਕੇ ਦੀਆਂ ਪੰਜ ਜਿਲਦਾਂ ਨੂੰ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ। ਉਹਨਾਂ ਦੀਆਂ ਪੁਸਤਕਾਂ ਨੂੰ ਅੱਠ ਵਾਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਹਿਲਾ ਇਨਾਮ ਹਾਸਲ ਹੋਇਆ। ਉਹਨਾਂ ਨੂੰ 2012 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਫ ਫੈਲੋਸ਼ਿਪ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਫੈਲੋਸ਼ਿਪ ਪ੍ਰਾਪਤ ਕਰਨ ਦਾ ਫ਼ਖ਼ਰ ਵੀ ਹਾਸਲ ਹੈ।

97 ਸਾਲ ਦੀ ਉਮਰ ਦੇ ਬਾਵਜੂਦ, ਮਹਾਨ ਸਾਹਿਤਕਾਰ, ਡਾ. ਰਤਨ ਸਿੰਘ ਜੱਗੀ ਨੇ ਹੁਣ ਤੱਕ 150 ਤੋਂ ਵੱਧ ਕਿਤਾਬਾਂ ਲਿਖੀਆਂ ਤੇ ਅੱਜ ਵੀ ਸਮਾਜ ਨੂੰ ਸੇਧਪੂਰਨ, ਮਿਸਾਲੀ ਸਾਹਿਤਕ ਸੇਵਾਵਾਂ ਦੇ ਸਮਰਪਿਤ ਕਰਨ ਦੇ ਆਪਣੇ ਮਿਸ਼ਨ ਨੂੰ ਪੂਰੀ ਸੁਹਿਰਦਤਾ, ਤਨਦੇਹੀ ਅਤੇ ਅਣਥੱਕ ਲਗਨ ਨਾਲ ਜਾਰੀ ਰੱਖਿਆ ਹੈ। ਇਸ ਤੋਂ ਇਲਾਵਾ ਡਾ. ਜੱਗੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਾਹਿਤਕ ਸੇਵਾਵਾਂ ਦੀ ਮਾਨਤਾ ਵਜੋਂ, ਉਹਨਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।ਉਹਨਾਂ ਨੂੰ ਸਾਲ 1989 ਵਿੱਚ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ, ਉਹਨਾਂ ਦੀਆਂ ਪੁਸਤਕਾਂ ਨੂੰ ਅੱਠ ਵਾਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਹਿਲਾ ਇਨਾਮ ਹਾਸਲ ਹੋਇਆ।

ਸਾਲ 2014 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਸਾਹਿਤ ਦੇ ਖੇਤਰ ਵਿੱਚ ਡਾ. ਰਤਨ ਸਿੰਘ ਜੱਗੀ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਉਹਨਾਂ ਨੂੰ ਆਨਰੇਰੀ ਡੀ. ਲਿਟ. ਦੀ ਡਿਗਰੀ ਨਾਲ ਸਨਮਾਨਿਤ ਕੀਤਾ।

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਵੀ ਉਹਨਾਂ ਨੂੰ 2015 ਵਿੱਚ ਆਨਰੇਰੀ ਡੀ. ਲਿਟ ਦੀ ਡਿਗਰੀ ਪ੍ਰਦਾਨ ਕੀਤੀ।

ਉਹਨਾਂ ਨੂੰ 2012 ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਫ ਫੈਲੋਸ਼ਿਪ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਫੈਲੋਸ਼ਿਪ ਪ੍ਰਾਪਤ ਕਰਨ ਦਾ ਫ਼ਖ਼ਰ ਵੀ ਹਾਸਲ ਹੈ।

97 ਸਾਲ ਦੀ ਉਮਰ ਦੇ ਬਾਵਜੂਦ, ਮਹਾਨ ਸਾਹਿਤਕਾਰ, ਡਾ. ਰਤਨ ਸਿੰਘ ਜੱਗੀ ਨੇ ਹੁਣ ਤੱਕ 150 ਕਿਤਾਬਾਂ ਲਿਖੀਆਂ ਤੇ ਅੱਜ ਵੀ ਸਮਾਜ ਨੂੰ ਸੇਧਪੂਰਨ, ਮਿਸਾਲੀ ਸਾਹਿਤਕ ਸੇਵਾਵਾਂ ਦੇ ਸਮਰਪਿਤ ਕਰਨ ਦੇ ਆਪਣੇ ਮਿਸ਼ਨ ਨੂੰ ਪੂਰੀ ਸੁਹਿਰਦਤਾ, ਤਨਦੇਹੀ ਅਤੇ ਅਣਥੱਕ ਲਗਨ ਨਾਲ ਜਾਰੀ ਰੱਖਿਆ ਹੈ।

Leave a Reply

Your email address will not be published. Required fields are marked *