ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਹਲਕਾ ਫਾਜ਼ਿਲਕਾ ਦੇ ਪਿੰਡ ਕੋਇਲ ਖੇੜਾ, ਟਿੱਲਾ ਵਾਲੀ ਅਤੇ ਜੰਡਵਾਲਾ ਮੀਰਾ ਸਾਂਗਲਾ ਵਿਖੇ ਨੌਜਵਾਨ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ ਗਿਆ|
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕਰ ਰਹੀ ਹੈ। ਇਸੇ ਤਹਿਤ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪਿੰਡਾਂ ਵਿੱਚ ਨਵੇਂ ਖੇਡ ਸਟੇਡੀਅਮ ਤੇ ਗ੍ਰਾਊਂਡ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਇੱਥੇ ਖੇਡ ਕੇ ਅਗਾਂਹ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਵਿੱਚ ਦੇਸ਼ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਸਕਣ।
ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਉਨ੍ਹਾਂ ਨੂੰ ਸਰੀਰਕ ਪੱਖੋਂ ਤੰਦਰੁਸਤੀ ਮਿਲੇਗੀ ਉੱਥੇ ਮਾਨਸਿਕ ਪੱਖੋਂ ਵੀ ਉਹ ਮਜ਼ਬੂਤ ਹੋਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਪਿੰਡ ਦੀ ਕੋਈ ਹੋਰ ਜ਼ਰੂਰਤ ਜਾਂ ਲੋੜ ਹੈ ਤਾਂ ਬੇਝਜਿਕ ਹੋ ਕੇ ਉਨ੍ਹਾਂ ਨੂੰ ਦੱਸਣ, ਹਰ ਜ਼ਰੂਰਤ ਤੇ ਮੁਸ਼ਕਲ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਸਾਰੇ ਵਿਕਾਸ ਦੇ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ।
ਇਸ ਮੌਕੇ ਪਿੰਡ ਦਾ ਸਰਪੰਚ, ਪੰਚ, ਮੈਂਬਰ, ਯੂਥ ਵਿੰਗ ਦੇ ਪ੍ਰਧਾਨ, ਵੱਖ ਵੱਖ ਪਿੰਡਾਂ ਦੇ ਚੇਅਰਮੈਨ, ਆਮ ਆਦਮੀ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ |