ਖੰਨਾ ਪੁਲਿਸ ਨੇ ਅਮਨ-ਸ਼ਾਂਤੀ ਅਤੇ ਇਨਸਾਨੀਅਤ ਦੀ ਦਿੱਤੀ ਮਿਸਾਲ, ਪ੍ਰਦਰਸ਼ਨਕਾਰੀਆਂ ਨੇ ਵੀ ਕੀਤੀ ਸ਼ਲਾਘਾ
ਖੰਨਾ ਵਿੱਚ ਅੱਜ ਪੰਜਾਬ ਭਰ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਘਿਰਾਓ ਅਤੇ ਅਣਮਿੱਥੇ ਧਰਨੇ ਦਾ ਐਲਾਨ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ, ਉੱਥੇ ਹੀ ਖੰਨਾ ਪੁਲਿਸ ਨੇ ਅੱਜ ਆਪਣੇ ਵਿਹਾਰ, ਸੰਜਮ ਅਤੇ ਮਨੁੱਖਤਾ ਭਰੇ ਰਵੱਈਏ ਨਾਲ ਇਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ। ਸ਼ਹਿਰ ਵਿੱਚ ਪੂਰੇ ਦਿਨ ਅਮਨ-ਸ਼ਾਂਤੀ ਬਰਕਰਾਰ ਰਹੀ ਅਤੇ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।
ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ, ਜੋ ਖੁਦ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਫੋਰਸ ਨੂੰ ਬਰੀਫ ਕੀਤਾ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨਾਲ ਸਖਤੀ ਨਹੀਂ ਵਰਤਣੀ, ਨਾ ਹੀ ਕਿਸੇ ਨਾਲ ਬਦਸਲੂਕੀ ਕਰਨੀ ਹੈ। ਐਸਐਸਪੀ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਵੀ ਸਾਡੇ ਆਪਣੇ ਭੈਣ-ਭਰਾ ਹਨ ਅਤੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਲੋਕਤੰਤਰੀ ਹੱਕ ਹੈ।

ਡਾ. ਦਰਪਣ ਆਹਲੂਵਾਲੀਆ ਨੇ ਪ੍ਰਦਰਸ਼ਨਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਰੱਖਣ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਕਿਸੇ ਨਾਲ ਵੀ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਐਸਐਸਪੀ ਦੀ ਇਸ ਸੰਵੇਦਨਸ਼ੀਲ ਸੋਚ ਦਾ ਅਸਰ ਪੂਰੇ ਦਿਨ ਦਿਖਾਈ ਦਿੱਤਾ ਅਤੇ ਧਰਨਾ ਸ਼ਾਂਤੀਪੂਰਨ ਢੰਗ ਨਾਲ ਚੱਲਦਾ ਰਿਹਾ।
ਸਭ ਤੋਂ ਵੱਧ ਚਰਚਾ ਉਸ ਵੇਲੇ ਹੋਈ ਜਦੋਂ ਤਿੱਖੀ ਗਰਮੀ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਖੁਦ ਪ੍ਰਦਰਸ਼ਨਕਾਰੀਆਂ ਨੂੰ ਪਾਣੀ ਦੀਆਂ ਬੋਤਲਾਂ ਵੰਡਦੇ ਨਜ਼ਰ ਆਏ। ਇਹ ਦ੍ਰਿਸ਼ ਦੇਖ ਕੇ ਹਰ ਕੋਈ ਖੰਨਾ ਪੁਲਿਸ ਦੀ ਪ੍ਰਸ਼ੰਸਾ ਕਰਦਾ ਦਿਖਾਈ ਦਿੱਤਾ। ਲੋਕਾਂ ਨੇ ਕਿਹਾ ਕਿ ਆਮ ਤੌਰ ’ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਟਕਰਾਅ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਪਰ ਖੰਨਾ ਪੁਲਿਸ ਨੇ ਇਨਸਾਨੀਅਤ ਅਤੇ ਸੇਵਾ ਭਾਵਨਾ ਦਾ ਜੋ ਰੂਪ ਦਿਖਾਇਆ, ਉਹ ਕਾਬਿਲ-ਏ-ਤਾਰੀਫ ਹੈ।
ਪੂਰੇ ਦਿਨ ਦੌਰਾਨ ਖੰਨਾ ਪੁਲਿਸ ਨੇ ਟ੍ਰੈਫਿਕ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਸੰਭਾਲੇ ਰੱਖੇ। ਸ਼ਹਿਰ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਹੋਈ ਅਤੇ ਨਾ ਹੀ ਆਮ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਅਤੇ ਹਰ ਸੰਵੇਦਨਸ਼ੀਲ ਥਾਂ ’ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਈ।

ਅੱਜ ਦੇ ਪੂਰੇ ਪ੍ਰਬੰਧਾਂ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਸੰਵੇਦਨਸ਼ੀਲ ਅਤੇ ਮਨੁੱਖੀ ਸੋਚ ਨਾਲ ਕੰਮ ਕਰੇ ਤਾਂ ਵੱਡੇ ਤੋਂ ਵੱਡਾ ਪ੍ਰਦਰਸ਼ਨ ਵੀ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਸਕਦਾ ਹੈ। ਖੰਨਾ ਪੁਲਿਸ ਅਤੇ ਖਾਸ ਕਰਕੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਇਸ ਕਾਰਗੁਜ਼ਾਰੀ ਦੀ ਚਰਚਾ ਹੁਣ ਚਾਰੇ ਪਾਸੇ ਸੁਣਨ ਨੂੰ ਮਿਲ ਰਹੀ ਹੈ।
