ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਪੀ. ਐਸ. ਆਰ. ਐਲ. ਐਮ ) ਵੱਲੋਂ ਬਲਾਕ ਖੂਈਆਂ ਸਰਵਰ ਦੇ ਬੀਡੀਪੀਓ ਦਫ਼ਤਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਹਲਕਾ ਅਬੋਹਰ ਦੇ ਇੰਚਾਰਜ ਅਰੁਣ ਨਾਰੰਗ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਉਪਕਾਰ ਸਿੰਘ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੁਨੀਤਾ ਰਾਣੀ ਹਲਕਾ ਕੋਆਰਡੀਨੇਟਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ |
ਹਲਕਾ ਇੰਚਾਰਜ ਅਰੁਨ ਨਾਰੰਗ ਵੱਲੋਂ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਅਤੇ ਸਮਾਜ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਔਰਤਾਂ ਦੀ ਭਾਗੀਦਾਰੀ ਬਿਨਾਂ ਸਮਾਜਿਕ ਵਿਕਾਸ ਸੰਭਵ ਹੀ ਨਹੀਂ ਹੈ। ਇਸੇ ਲਈ ਔਰਤਾਂ ਨੂੰ ਬਰਾਬਰਤਾ ਦੀ ਭਾਗੀਦਾਰੀ ਦੇਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਮਹਿਲਾਵਾ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਰਕਾਰ ਦਾ ਇਤਿਹਾਸਿਕ ਕਦਮ ਹੈ |
ਉਨ੍ਹਾਂ ਦੱਸਿਆ ਕਿ ਔਰਤਾਂ ਅਜੋਕੇ ਸਮੇਂ ਵਿੱਚ ਮਰਦਾਂ ਤੋਂ ਘੱਟ ਨਹੀਂ ਹਨ ਅਤੇ ਹਰੇਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਕਰਨ ਲਈ ਪੰਜਾਬ ਸਰਕਾਰ ਸਾਰਥਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤ ਕਿਸੇ ਵੀ ਤਰਾਂ ਪੁਰਸ਼ਾਂ ਤੋਂ ਘੱਟ ਨਹੀਂ ਹੈ ਅਤੇ ਹੁਣ ਸਮਾਜ ਬਦਲ ਰਿਹਾ ਹੈ।
ਚੇਅਰਮੈਨ ਉਪਕਾਰ ਸਿੰਘ ਜਾਖ਼ੜ ਨੇ ਕਿਹਾ ਕਿ ਔਰਤ ਬਿਨਾਂ ਸਮਾਜ ਅਧੂਰਾ ਹੈ।ਉਨ੍ਹਾਂ ਆਖਿਆ ਕਿ ਸਮਾਜਿਕ ਬਰਾਬਰੀ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸੋਚ ਬਦਲੀਏ ਤਾਂ ਹੀ ਸਮਾਜ ਦੀ ਸੋਚ ਬਦਲੇਗੀ| ਉਨ੍ਹਾਂ ਕਿਹਾ ਕਿ ਅੱਜ ਧੀਆਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦੀ ਪ੍ਰਵਾਜ ਨੂੰ ਖੁੱਲਾ ਆਸਮਾਨ ਦੇਈਏ। ਉਨ੍ਹਾਂ ਕਿਹਾ ਕਿ ਔਰਤ ਸਮਾਜ ਦੀ ਉਹ ਅਦਿਖ ਸ਼ਕਤੀ ਹੈ ਜਿਸ ਬਿਨ੍ਹਾਂ ਸਮਾਜ ਆਰਥਿਕ, ਸਮਾਜਿਕ, ਬੌਧਿਕ ਤਰੱਕੀ ਨਹੀਂ ਕਰ ਸਕਦਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਤਿਕਾਰ ਵਿਚ ਬਹੁਤ ਸਾਰੇ ਫੈਸਲੇ ਕੀਤੇ ਗਏ ਹਨ |
ਸਮਾਗਮ ਦੀ ਅਗਵਾਈ ਬੀਡੀਪੀਓ ਗਗਨਦੀਪ ਕੌਰ ਵੱਲੋਂ ਕੀਤੀ ਗਈ ਅਤੇ ਬਲਾਕ ਸਟਾਫ਼ ਦੇ ਸਹਿਯੋਗ ਨਾਲ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ।
ਇਸ ਮੌਕੇ ਤੇ ਸਵੈ ਸਹਾਇਤਾ ਸਮੂਹਾਂ ਨਾਲ ਸੰਬੰਧਤ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੌਰਾਨ ਮਹਿਲਾ ਸਸ਼ਕਤੀਕਰਨ, ਆਤਮਨਿਰਭਰਤਾ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ।
ਇਸ ਪ੍ਰੋਗਰਾਮ ਦੌਰਾਨ ਬਲਾਕ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ 100 ਸਫਲ ਮਹਿਲਾ ਉਦਯਮੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਮਹਿਲਾਵਾਂ ਦੀ ਇਸ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਗੱਲ ਕਹੀ।
