ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਏ.ਆਈ. ਬਾਰੇ ਕਰਵਾਈ ਗਈ ਦੋ-ਰੋਜ਼ਾ ਕਾਨਫਰੰਸ ਵਿੱਚ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਖਪਤਕਾਰਾਂ ਦੀ ਥਾਂ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਜ਼ੋਰ

ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਵੱਲ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ‘ਤੇ ਕਰਵਾਈ ਗਈ ਕੌਮੀ-ਪੱਧਰ ਦੀ ਦੋ-ਰੋਜ਼ਾ ਕਾਨਫਰੰਸ ਅੱਜ ਗੂਗਲ ਅਤੇ ਇੰਟੇਲ ਦੁਆਰਾ ਵਿਹਾਰਕ ਵਰਕਸ਼ਾਪਾਂ ਦੇ ਆਯੋਜਨ ਨਾਲ ਸਮਾਪਤ ਹੋਈ।

ਇਸ ਕਾਨਫਰੰਸ ਨੇ ਕਲਾਸਰੂਮਾਂ ਵਿੱਚ ਏਆਈ ਨੂੰ ਸ਼ਾਮਲ ਕਰਨ ਲਈ ਢੁਕਵਾਂ ਰੋਡਮੈਪ, ਜੋ ਸਿੱਖਣ ਦੀ ਗੁਣਵੱਤਾ ‘ਚ ਸੁਧਾਰ, ਪਹੁੰਚ ਨੂੰ ਵਧਾਉਣ ਅਤੇ ਵਿਦਿਆਰਥੀਆਂ ਨੂੰ ਸਿਰਫ਼ ਖਪਤਕਾਰਾਂ ਦੀ ਥਾਂ ਤਕਨਾਲੋਜੀ ਦੇ ਸਿਰਜਣਹਾਰ ਵਜੋਂ ਤਿਆਰ ਕਰਨ ‘ਤੇ ਕੇਂਦ੍ਰਿਤ ਹੋਵੇਗਾ, ਤਿਆਰ ਕਰਨ ਵਾਸਤੇ ਨੀਤੀ ਘਾੜਿਆਂ, ਸਿੱਖਿਅਕਾਂ ਅਤੇ ਤਕਨਾਲੋਜੀ ਮਾਹਿਰਾਂ ਲਈ ਵਿਚਾਰ-ਵਟਾਂਦਰੇ ਵਾਸਤੇ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ।

ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐਸ (ਸੇਵਾਮੁਕਤ) ਨੇ ਏਆਈ ਦੀ ਨੈਤਿਕ ਵਰਤੋਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸਨੂੰ ਸਿਖਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰਾਂ ਨੂੰ ਨਿਖਾਰਨ ਵਾਸਤੇ ਵਰਤਿਆ ਜਾ ਸਕਦਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਏਆਈ-ਅਧਾਰਤ ਉਪਕਰਨ ਸਾਡੇ ਪੱਕੇ ਸਾਥੀ ਬਣ ਗਏ ਹਨ, ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਉਪਕਰਨਾਂ ਦੀ ਚੋਣ ਉਸੇ ਤਰ੍ਹਾਂ ਹੀ ਪੂਰੀ ਸੂਝ-ਬੂਝ ਅਤੇ ਪਰਖ ਨਾਲ ਕਰਨ ਜਿਵੇਂ ਅਸੀਂ ਆਪਣੇ ਦੋਸਤਾਂ ਦੀ ਚੋਣ ਕਰਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏਆਈ ਦੀ ਵਰਤੋਂ ਪੂਰੀ ਜ਼ਿੰਮੇਵਾਰੀ ਨਾਲ ਅਤੇ ਇੱਕ ਸਪਸ਼ਟ ਕਾਨੂੰਨੀ ਤੇ ਨੈਤਿਕ ਢਾਂਚੇ ਵਿੱਚ ਰਹਿ ਕੇ ਕਰਨ ਲਈ ਉਤਸ਼ਾਹਿਤ ਕੀਤਾ, ਜੋ ਮੁੱਖ ਉਦੇਸ਼ਾਂ ਨਾਲ ਸਮਝੌਤਾ ਕੀਤੇ ਬਿਨਾਂ ਉਨ੍ਹਾਂ ਲਈ ਸਿੱਖਣ ਵਾਸਤੇ ਲਾਹੇਵੰਦ ਸਾਬਤ ਹੋਵੇ।

ਗੂਗਲ ਦੀ ਅਗਵਾਈ ਵਾਲੇ ਸੈਸ਼ਨ ਦੌਰਾਨ  ਸਿੱਖਿਆ ਵਿੱਚ ਏ.ਆਈ. ਦੀ ਬੇਹੱਦ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ ਗਿਆ, ਜਿਸ ਵਿੱਚ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ-ਨਿਰਮਾਣ ‘ਤੇ ਜ਼ੋਰ ਦਿੱਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਅਧਿਆਪਕਾਂ ਤੋਂ ਲੈ ਕੇ ਪ੍ਰਸ਼ਾਸਕਾਂ ਤੱਕ, ਸਿੱਖਿਆ ਪ੍ਰਣਾਲੀ ਦੇ ਮੁੱਖ ਹਿੱਸੇਦਾਰ ਪਹਿਲਾਂ ਹੀ ਏ.ਆਈ-ਅਧਾਰਤ ਪਹੁੰਚ ਨਾਲ ਜੁੜ ਰਹੇ ਅਤੇ ਇਸਨੂੰ ਅਪਣਾ ਰਹੇ ਹਨ, ਜੋ ਇਸ ਤਬਦੀਲੀ ਵੱਲ ਸਾਡੀ ਮਜ਼ਬੂਤ ਤਿਆਰੀ ਨੂੰ ਦਰਸਾਉਂਦਾ ਹੈ।

ਕਾਨਫਰੰਸ ਦਾ ਇੱਕ ਮੁੱਖ ਹਿੱਸਾ “ਕੰਮ ਵਾਲੇ ਸਥਾਨ ‘ਤੇ  ਏ.ਆਈ. ਦੀ ਵਰਤੋਂ” ‘ਤੇ ਇੰਟੈਲ ਦੀ ਵਿਹਾਰਕ ਵਰਕਸ਼ਾਪ ਸੀ, ਜਿਸ ਵਿੱਚ 112 ਤੋਂ ਵੱਧ ਹਾਜ਼ਰੀਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਸ਼ਨ ਦੌਰਾਨ ਸਰਕਾਰੀ ਢਾਂਚੇ ਦੇ ਅੰਦਰ ਏ.ਆਈ. ਉਪਕਰਨ ਸਥਾਪਤ ਕਰਨ ‘ਤੇ ਵਿਹਾਰਕ ਸਿਖਲਾਈ ਦਿੱਤੀ ਗਈ, ਜਿਸ ਵਿੱਚ ਡੇਟਾ ਗੋਪਨੀਯਤਾ, ਜ਼ਿੰਮੇਵਾਰੀ ਨਾਲ ਵਰਤੋਂ ਅਤੇ ਸੰਗਠਨ-ਵਿਸ਼ੇਸ਼ ਜਾਂ ਸੰਵੇਦਨਸ਼ੀਲ ਜਾਣਕਾਰੀ ਨੂੰ ਅਣਜਾਣੇ ਵਿੱਚ ਸਾਂਝਾ ਕਰਨ ਵਰਗੀਆਂ ਸਥਿਤੀਆਂ ਦੀ ਰੋਕਥਾਮ ਲਈ ਸੁਰੱਖਿਆ ਉਪਾਵਾਂ ‘ਤੇ ਜ਼ੋਰ ਦਿੱਤਾ ਗਿਆ।

ਆਈਕੇਜੀ ਪੀਟੀਯੂ ਦੁਆਰਾ “ਸਕੂਲ ਲੀਡਰਾਂ ਲਈ ਸਕੂਲਾਂ ਵਿੱਚ ਏ.ਆਈ.” ਵਿਸ਼ੇ ‘ਤੇ ਇੱਕ ਹੋਰ ਵਰਕਸ਼ਾਪ ਕਰਵਾਈ ਗਈ, ਜੋ ਵਿਸ਼ੇਸ਼ ਕਰਕੇ ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ। ਇਹ ਸੰਸਥਾਗਤ ਲੀਡਰਸ਼ਿਪ ਅਤੇ ਅਕਾਦਮਿਕ ਪ੍ਰਬੰਧਨ ਵਿੱਚ ਏ.ਆਈ. ਉਪਕਰਨਾਂ ਨੂੰ ਏਕੀਕ੍ਰਿਤ ਕਰਨ ‘ਤੇ ਕੇਂਦ੍ਰਿਤ ਸੀ। ਇਸਦੇ ਨਾਲ ਹੀ ਏ.ਆਈ.-ਸਮਰੱਥ ਮਾਹੌਲ ਵਿੱਚ ਅਕਾਦਮਿਕ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸਕੂਲਾਂ ਵਾਸਤੇ ਏ.ਆਈ-ਅਧਾਰਤ ਸਮੱਗਰੀ ਦੀ ਪਛਾਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।

ਨੀਵ ਏਆਈ ਦੁਆਰਾ ਆਯੋਜਿਤ ਵਿਦਿਆਰਥੀ-ਕੇਂਦ੍ਰਿਤ ਵਰਕਸ਼ਾਪ “ਏਆਈ ਇਨ ਐਜੂਕੇਸ਼ਨ” ਨੇ ਏਆਈ-ਅਧਾਰਤ ਐਪਲੀਕੇਸ਼ਨਾਂ ਵਿੱਚ ਵਿਹਾਰਕ ਹੁਨਰਾਂ ਦੀ ਸਿਖਲਾਈ ਦਿੱਤੀ। ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਵਿਹਾਰਕ ਵਰਤੋਂ ਦੇ ਮਾਮਲਿਆਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਏਆਈ ਦੀ ਸ਼ੁਰੂਆਤੀ, ਬੁਨਿਆਦੀ ਸਮਝ ਨੂੰ ਉਤਸ਼ਾਹਿਤ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਉੱਭਰ ਰਹੇ ਸਾਧਨਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਪ੍ਰਤੀ ਵੀ ਉਤਸ਼ਾਹਿਤ ਕੀਤਾ ਗਿਆ।

ਚੇਅਰਮੈਨ ਨੇ ਦੱਸਿਆ ਕਿ ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਏਆਈ ਟੂਲ ਕਿਵੇਂ ਵਿਕਸਤ ਕੀਤੇ ਜਾਂਦੇ ਹਨ, ਉਨ੍ਹਾਂ ਦੇ ਪਿੱਛੇ ਦੀਆਂ ਪ੍ਰਕਿਰਿਆਵਾਂ ਅਤੇ ਅਜਿਹੀਆਂ ਤਕਨਾਲੋਜੀਆਂ ਬਣਾਉਣ ਲਈ ਲੋੜੀਂਦੇ ਵਿਭਿੰਨ ਹੁਨਰ ਸੈੱਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਐਕਸਪੋਜ਼ਰ ਨੇ ਵਿਦਿਆਰਥੀਆਂ ਦੀ ਸਮਝ ਨੂੰ ਹੋਰ ਡੂੰਘਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਏਆਈ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਭਵਿੱਖ ਦੇ ਮਾਰਗਾਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਦੀ ਉਤਸੁਕਤਾ, ਅਨੁਕੂਲਤਾ ਤੇ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜੁੜਨ ਦੀ ਇੱਛਾ ਨੇ ਆਉਣ ਵਾਲੇ ਸਾਲਾਂ ਵਿੱਚ ਏਆਈ-ਅਧਾਰਤ ਸਿਖਲਾਈ ਦੇ ਖੇਤਰ ਵਿੱਚ ਅਥਾਹ ਸੰਭਾਵਨਾ ਨੂੰ ਉਜਾਗਰ ਕੀਤਾ।

ਡਾ. ਅਮਰਪਾਲ ਸਿੰਘ ਨੇ ਦੋ-ਰੋਜ਼ਾ ਕਾਨਫਰੰਸ ਦੇ ਸੁਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਐਲਿਕਸ ਈਵੈਂਟਸ ਦੇ ਯਤਨਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *