ਪੰਜਾਬ ਦਾ ਨਾਮ ਰੌਸ਼ਨ ਕਰਦੇ ਹੋਏ, ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਅਧਿਆਪਕ ਸ਼੍ਰੀ ਦਿਨੇਸ਼ ਕੁਮਾਰ ਨੇ ਸਿੱਖਿਆ ਵਿੱਚ ਆਪਣੇ ਮਿਸਾਲੀ ਯੋਗਦਾਨ ਲਈ ਵੱਕਾਰੀ ਰਾਸ਼ਟਰੀ ਅਧਿਆਪਕ ਪੁਰਸਕਾਰ 2026 ਜਿੱਤਿਆ ਹੈ।
ਜ਼ਿਕਰਯੋਗ ਹੈ ਕਿ ਇਹ ਪੁਰਸਕਾਰ, ਦੇਸ਼ ਦੇ ਸਿੱਖਿਅਕਾਂ ਲਈ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਹੈ, ਭਾਰਤ ਦੇ ਰਾਸ਼ਟਰਪਤੀ ਵੱਲੋਂ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਉੱਤਮਤਾ, ਨਵੀਨਤਾ ਅਤੇ ਸਮਰਪਣ ਦੇ ਸਨਮਾਨ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸ਼੍ਰੀ ਦਿਨੇਸ਼ ਕੁਮਾਰ ਨੂੰ ਦਿਲੋਂ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਸੂਬੇ ਦੇ ਅਧਿਆਪਕ ਭਾਈਚਾਰੇ ਲਈ ਪ੍ਰੇਰਨਾ ਸਰੋਤ ਦੱਸਿਆ।
ਸਿੱਖਿਆ ਮੰਤਰੀ ਨੇ ਕਿਹਾ, “ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦੀ ਮਾਨਤਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਸਿੱਖਿਆ ਦੀ ਗੁਣਵੱਤਾ ਅਤੇ ਸਾਡੇ ਅਧਿਆਪਕਾਂ ਦੇ ਅਣਥੱਕ ਯਤਨਾਂ ਦਾ ਪ੍ਰਮਾਣ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਅਧਿਆਪਕਾਂ ਨੂੰ ਸਸ਼ਕਤ ਬਣਾਉਣ ਅਤੇ ਸੂਬੇ ਦੇ ਵਿਦਿਅਕ ਦ੍ਰਿਸ਼ ਨੂੰ ਬਦਲਣ ਦੀ ਆਪਣੀ ਵਚਨਬੱਧਤਾ ‘ਤੇ ਅਡੋਲ ਹੈ।
ਸ. ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਸਮੁੱਚੇ ਅਧਿਆਪਕ ਭਾਈਚਾਰੇ ਨੂੰ ਉਤਸ਼ਾਹਿਤ ਕਰੇਗੀ ਅਤੇ ਹੋਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਪੰਜਾਬ ਸਰਕਾਰ ਦੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਅਧਿਆਪਕਾਂ ਨੂੰ ਇੱਕ ਪ੍ਰਗਤੀਸ਼ੀਲ ਸਮਾਜ ਦੇ ਸੱਚੇ ਸ਼ਿਲਪਕਾਰਾਂ ਵਜੋਂ ਮਾਨਤਾ ਦੇਣ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰਦੇ ਹਨ।