ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੇ ਤੀਜੇ ਦਿਨ ਫਾਜ਼ਿਲਕਾ ਦੇ ਵਿਧਾਇਕ ਸ੍ਰ. ਨਰਿੰਦਰਪਾਲ ਸਿੰਘ ਸਵਨਾ ਨੇ ਨਗਰ ਕੌਂਸਲ ਦੀ ਟੀਮ ਅਤੇ ਸਫਾਈ ਸੇਵਕਾਂ ਦੇ ਸਹਿਯੋਗ ਨਾਲ ਫਾਜ਼ਿਲਕਾ ਦੇ ਨਹਿਰੂ ਨਗਰ ਵਿਖੇ ਸਫਾਈ ਕਰਵਾਈ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮਿਸ਼ਨ ਕਲੀਨ ਮੁਹਿੰਮ ਦੇ ਦੂਜੇ ਪੜਾਅ ਦਾ ਮੁੱਖ ਮਕਸਦ ਸੂਬੇ ਨੂੰ ਸਾਫ ਸੁੱਥਰਾ ਬਣਾਉਣਾ ਤੇ ਲੋਕਾਂ ਨੂੰ ਸਵੱਛ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿੱਚ ਇਹ ਸਫਾਈ ਮੁਹਿੰਮ ਜ਼ੋਰਾ ਤੇ ਚੱਲ ਰਹੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਤੇ ਉਨ੍ਹਾਂ ਦਾ ਟੀਚਾ ਹੈ ਕਿ ਸ਼ਹਿਰ ਦੀ ਗੰਦਗੀ ਨੂੰ ਸਾਫ ਕਰਕੇ ਸ਼ਹਿਰ ਨੂੰ ਸਵੱਛ ਤੇ ਸੁੰਦਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੀ ਮੈਨਪਾਵਰ, ਮਸ਼ੀਨਰੀ ਅਤੇ ਵਾਹਨ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਨਹਿਰੂ ਨਗਰ ਵਾਸੀਆਂ ਦੀ ਵੀ ਲੰਮੇ ਸਮੇਂ ਤੋਂ ਮੰਗ ਸੀ ਕਿ ਇੱਥੇ ਕੂੜਾ ਕਾਫੀ ਸਮੇਂ ਤੋਂ ਇਕੱਠਾ ਹੋਇਆ ਹੈ ਇਸ ਨੂੰ ਚੁਕਵਾਇਆ ਜਾਵੇ ਤੇ ਅੱਜ ਲੋਕਾਂ ਦੀ ਇਹ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਨੂੰ ਸਾਫ ਕਰਵਾਉਣ ਵਿੱਚ ਲੱਗੇ ਹੋਏ ਤੇ ਆਉਣ ਵਾਲੇ 10 ਤੋਂ 15 ਦਿਨਾਂ ਤੱਕ ਪੂਰੇ ਫਾਜ਼ਿਲਕਾ ਸ਼ਹਿਰ ਨੂੰ ਸਾਫ ਕੀਤਾ ਜਾਵੇਗਾ।

ਵਿਧਾਇਕ ਸਵਨਾ ਨੇ ਸਫਾਈ ਸੇਵਕਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਟੀਮਾਂ ਦਾ ਪੂਰਨ ਸਹਿਯੋਗ ਕਰਨ, ਕੂੜਾ ਨਿਰਧਾਰਤ ਸਥਾਨਾਂ ’ਤੇ ਹੀ ਸੁੱਟਣ ਅਤੇ ਜਨਤਕ ਥਾਵਾਂ ਨੂੰ ਗੰਦਾ ਨਾ ਕਰਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ ਲੋਕਾਂ ਦੀ ਭਾਈਚਾਰਕ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਐਮ.ਸੀ ਸੋਮਾ ਰਾਣੀ, ਐਮ ਸੀ ਪਿੰਦਰ, ਵਾਰਡ ਇੰਚਾਰਜ 19 ਤੋ ਭਗਵਾਨ ਸਿੰਘ, ਵਾਰਡ ਇੰਚਾਰਜ ਬੱਬੂ ਚੇਤੀਵਾਲ, ਅਜੈ, ਵਿਧਾਇਕ ਦਫ਼ਤਰ ਇੰਚਾਰਜ ਹਰੀਸ਼ ਠਾਕੁਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |