ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਘੱਟ ਗਿਣਤੀ ਵਿਭਾਗ ਵੱਲੋਂ ਪੰਜਾਬ ਲਈ ਨਵ-ਨਿਯੁਕਤ ਕੀਤੇ ਗਏ ਇੰਚਾਰਜ ਮਹਿਬੂਬ ਚੌਕਰ ਅਤੇ ਕੋ-ਇੰਚਾਰਜ ਡਾ. ਪ੍ਰਸ਼ਾਂਤ ਦੇ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਪਹਿਲੀ ਵਾਰ ਪਹੁੰਚਣ ‘ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਇਮੈਨੁਅਲ ਨਾਹਰ, ਸੂਬਾ ਕਨਵੀਨਰ ਡਾ. ਸੁਭਾਸ਼ ਥੋਬਾ, ਹਰਮੇਸ਼ ਗਿੱਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸੈਂਕੜੇ ਅਹੁਦੇਦਾਰਾਂ ਤੇ ਵਰਕਰਾਂ ਨੇ ਨਵ-ਨਿਯੁਕਤ ਆਗੂਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਗਰਮਜੋਸ਼ੀ ਨਾਲ ਜੀ ਆਇਆਂ ਨੂੰ ਆਖਿਆ।

ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਨਵ-ਨਿਯੁਕਤ ਇੰਚਾਰਜ ਮਹਿਬੂਬ ਚੌਕਰ ਨੇ ਆਲ ਇੰਡੀਆ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਰਾਸ਼ਟਰੀ ਚੇਅਰਮੈਨ ਸ੍ਰੀ ਇਮਰਾਨ ਪ੍ਰਤਾਪਗੜ੍ਹੀ ਅਤੇ ਕਾਂਗਰਸ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਹਾਈਕਮਾਂਡ ਵੱਲੋਂ ਜੋ ਮਹੱਤਵਪੂਰਨ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੇ ਘੱਟ ਗਿਣਤੀ ਵਿਭਾਗ ਨੂੰ ਸੰਗਠਨਾਤਮਕ ਤੌਰ ‘ਤੇ ਮਜ਼ਬੂਤ ਕਰਕੇ ਪੂਰੇ ਦੇਸ਼ ਵਿੱਚੋਂ ਨੰਬਰ ਇੱਕ ‘ਤੇ ਲੈ ਕੇ ਜਾਣਾ ਹੈ।
ਇਸੇ ਦੌਰਾਨ ਕੋ-ਇੰਚਾਰਜ ਡਾ. ਪ੍ਰਸ਼ਾਂਤ ਨੇ ਸੂਬੇ ਵਿੱਚ ਜਥੇਬੰਦਕ ਢਾਂਚੇ ਦੇ ਵਿਸਥਾਰ ਬਾਰੇ ਚਰਚਾ ਕਰਦਿਆਂ ਐਲਾਨ ਕੀਤਾ ਕਿ ਬਹੁਤ ਜਲਦ ਪੰਜਾਬ ਘੱਟ ਗਿਣਤੀ ਵਿਭਾਗ ਦੀ ਨਵੀਂ ਸੂਬਾਈ ਬਾਡੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਹਰ ਇੱਕ ਵਰਕਰ ਅਤੇ ਆਗੂ ਨੂੰ ਜਥੇਬੰਦੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।

ਪੰਜਾਬ ਘੱਟ ਗਿਣਤੀ ਕਾਂਗਰਸ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਇਮੈਨੁਅਲ ਨਾਹਰ ਨੇ ਸ੍ਰੀ ਰਾਹੁਲ ਗਾਂਧੀ, ਰਾਸ਼ਟਰੀ ਚੇਅਰਮੈਨ ਸ੍ਰੀ ਇਮਰਾਨ ਪ੍ਰਤਾਪਗੜ੍ਹੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਾਈਕਮਾਂਡ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਾਈਕਮਾਂਡ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਿਆਂ ‘ਮਿਸ਼ਨ 2027’ ਤਹਿਤ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ 2027 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ‘ਤੇ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਸਕੇ।

ਸਮਾਗਮ ਦੇ ਅੰਤ ਵਿੱਚ ਸੂਬਾ ਕਨਵੀਨਰ ਡਾ. ਸੁਭਾਸ਼ ਥੋਬਾ ਅਤੇ ਹਰਮੇਸ਼ ਗਿੱਲ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਸਾਰੇ ਪਾਰਟੀ ਆਗੂਆਂ, ਵਰਕਰਾਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਵਿੱਚ ਘੱਟ ਗਿਣਤੀ ਭਾਈਚਾਰੇ ਦੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਚੁੱਕਿਆ ਜਾਵੇਗਾ ਅਤੇ ਕਾਂਗਰਸ ਪਾਰਟੀ ਦੇ ਆਧਾਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਘੱਟ ਗਿਣਤੀ ਵਿਭਾਗ ਦੇ ਕਈ ਅਹਿਮ ਸੂਬਾਈ ਆਗੂ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।