ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੀ ਧੀ ਨਵਦੀਪ ਕੌਰ ਰਾਠੋਰ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਰਾਸ਼ਟਰੀ ਪੱਧਰ ’ਤੇ ਦੋ ਗੋਲਡ ਮੈਡਲ ਹਾਸਲ ਕਰਕੇ ਆਪਣੇ ਪਰਿਵਾਰ, ਸਕੂਲ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਨਵਦੀਪ ਕੌਰ ਨੇ ਇੰਦੌਰ ਤੇ ਚਮੇਲੀ ਦੇਵੀ ਗਰੁੱਪ ਆਫ ਕਾਲਜ ਕੰਬੈਟ ਫਾਊਂਡੇਸ਼ਨ ਆਫ ਇੰਡੀਆ ਵੱਲੋਂ 21 ਤੋਂ 23 ਅਗਸਤ ਤੱਕ ਕਰਵਾਈ ਗਈ ਤੀਜੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਅੰਤਰਰਾਸ਼ਟਰੀ ਕੋਚ ਨੀਰਜ ਕੁਮਾਰ ਦੀ ਅਗਵਾਈ ਹੇਠ ਫਰੀ ਸਟਾਈਲ ਕੁਸ਼ਤੀ ਵਿੱਚ ਇੱਕ ਗੋਲਡ ਮੈਡਲ ਅਤੇ ਕੋਮਬੈਟ ਮੁਕਾਬਲੇ ਵਿੱਚ ਵੀ ਇੱਕ ਗੋਲਡ ਮੈਡਲ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ।
ਦੋ ਸੋਨ ਤਮਗੇ ਜਿੱਤ ਕੇ ਆਪਣੇ ਜ਼ਿਲ੍ਹੇ ਵਿੱਚ ਵਾਪਸ ਪਹੁੰਚੀ ਨਵਦੀਪ ਕੌਰ ਦਾ ਪਰਿਵਾਰਕ ਮੈਂਬਰਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨਵਦੀਪ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਉਪਰੰਤ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਵੀ ਨਵਦੀਪ ਕੌਰ ਦਾ ਸਨਮਾਨ ਕੀਤਾ ਗਿਆ। ਨਵਦੀਪ ਕੌਰ ਨੇ ਆਪਣੀ ਇਸ ਵੱਡੀ ਉਪਲਬਧੀ ਤੋਂ ਬਾਅਦ ਪਰਿਵਾਰ ਸਮੇਤ ਸਾਹਿਬਜ਼ਾਦਿਆਂ ਦੇ ਸੰਸਕਾਰਿਕ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪਰਿਵਾਰ ਵੱਲੋਂ ਨਵਦੀਪ ਦੀ ਕਾਮਯਾਬੀ ਲਈ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਚੀਮਾ ਵੱਲੋਂ ਨਵਦੀਪ ਕੌਰ ਦਾ ਧਾਰਮਿਕ ਲਿਟਰੇਚਰ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਦੀਪ ਕੌਰ ਨੇ ਕਿਹਾ ਕਿ ਖੇਡਾਂ ਮਨੁੱਖੀ ਸਰੀਰ ਅਤੇ ਮਨ ਲਈ ਬਹੁਤ ਲਾਹੇਵੰਦ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਲੜਕੀਆਂ ਨੂੰ ਆਪਣੀ ਸੁਰੱਖਿਆ ਅਤੇ ਆਤਮ-ਵਿਸ਼ਵਾਸ ਲਈ ਕੁਸ਼ਤੀ ਅਤੇ ਹੋਰ ਮਜ਼ਬੂਤ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ, ਸਗੋਂ ਅਨੁਸ਼ਾਸਨ, ਹੌਸਲਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀਆਂ ਹਨ।
ਇਸ ਮੌਕੇ ਸਾਬਕਾ ਮੰਤਰੀ ਪੰਜਾਬ ਡਾ. ਹਰਬੰਸ ਲਾਲ, ਸਰਪ੍ਰਸਤ ‘ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ’, ਨੇ ਆਪਣੇ ਸਾਥੀਆਂ ਸਮੇਤ ਨਵਦੀਪ ਕੌਰ ਦਾ ਸਨਮਾਨ ਕੀਤਾ। ਉਨ੍ਹਾਂ ਨਵਦੀਪ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵੀ ਵੱਡੀਆਂ ਸਫਲਤਾਵਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਡਾ. ਹਰਬੰਸ ਲਾਲ ਨੇ ਕਿਹਾ ਕਿ ਨਵਦੀਪ ਕੌਰ ਵਰਗੇ ਹੋਣਹਾਰ ਬੱਚੇ ਸਾਡੇ ਜ਼ਿਲ੍ਹੇ ਦਾ ਮਾਣ ਹਨ, ਜੋ ਆਪਣੀ ਮਿਹਨਤ ਅਤੇ ਪ੍ਰਤਿਭਾ ਨਾਲ ਫਤਿਹਗੜ੍ਹ ਸਾਹਿਬ ਦੇ ਨਾਲ-ਨਾਲ ਪੰਜਾਬ ਦਾ ਨਾਮ ਦੇਸ਼-ਵਿਦੇਸ਼ ਵਿੱਚ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣਾ ਸਮਾਜ ਦੀ ਜ਼ਿੰਮੇਵਾਰੀ ਹੈ।
ਨਵਦੀਪ ਕੌਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਦੋ ਗੋਲਡ ਮੈਡਲ ਜਿੱਤ ਕੇ ਨਵਦੀਪ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਿਹਨਤ, ਲਗਨ ਅਤੇ ਸਹੀ ਮਾਰਗਦਰਸ਼ਨ ਮਿਲੇ ਤਾਂ ਪੰਜਾਬ ਦੀਆਂ ਧੀਆਂ ਰਾਸ਼ਟਰੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਹਾ ਦਾ ਨਾਅਰਾ ਚੇਤਨਾ ਮੰਚ ਦੇ ਚੀਫ ਐਡਵਾਈਜ਼ਰ ਓਮ ਪ੍ਰਕਾਸ਼ ਸੱਚਦੇਵਾ, ਪ੍ਰਤਾਪ ਸਿੰਘ ਰਾਠੋਰ, ਭਾਈ ਧਰਮਿੰਦਰ ਸਿੰਘ, ਮੋਹਣ ਸਿੰਘ ਚੂਨੀ ਖੁਰਦ,ਸੁੱਚਾ ਖਾਨ ਮਹਾਦੀਆਂ, ਗੁਰਿੰਦਰ ਸਿੰਘ ਗੁਰੂ, ਰਣਜੀਤ ਸਿੰਘ ਝਾਂਮਪੁਰ, ਦਰਸ਼ਨ ਸਿੰਘ, ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਸਰਪੰਚ ਮੋਹਣ ਸਿੰਘ ਭੱਟ ਮਾਜਰਾ, ਸਤਨਾਮ ਸਿੰਘ ਮੰੜੋਫਲ, ਗੁਰਤੇਜ ਸਿੰਘ, ਸੁਖਬੀਰ ਸਿੰਘ, ਬਲਦੇਵ ਸਿੰਘ ਚੋਰ ਵਾਲਾ, ਨਿਤੀਸ਼ ਕੁਮਾਰ, ਲਖਵਿੰਦਰ ਮੱਟੂ, ਮਨਜੀਤ ਸਿੰਘ ਜੰਡਾਲੀ, ਸੁਰਿੰਦਰਜੀਤ ਕੌਰ, ਇਕਬਾਲ ਸਿੰਘ, ਬਲਵੰਤ ਸਿੰਘ, ਲਖਵਿੰਦਰ ਕੌਰ, ਕਮਲਪ੍ਰੀਤ ਕੌਰ, ਹਰਸ਼ਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਦੇ ਆਗੂ ਅਤੇ ਪਰਿਵਾਰ ਮੈਂਬਰ ਸ਼ਾਮਿਲ ਸਨ।
ਫੋਟੋ ਕੈਪਸ਼ਨ 25fgs01- ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਦੋ ਗੋਲਡ ਮੈਡਲ ਹਾਸਲ ਕਰਨ ਵਾਲੀ ਨਵਦੀਪ ਕੌਰ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਪੰਜਾਬ ਡਾ ਹਰਬੰਸ ਲਾਲ ਅਤੇ ਹੋਰ।