ਮੋਹਾਲੀ : ‘ਵਾੜ ਹੀ ਖੇਤ ਨੂੰ ਖਾਣ ਲੱਗੀ’: ਥਾਣੇ ‘ਚੋਂ ਟਰਾਲੀ ਹੋਈ ਗਾਇਬ!

ਪਿੰਡ ਗੀਗੇ ਮਾਜਰਾ ਦੇ ਵਸਨੀਕ ਗੁਰਮੁਖ ਸਿੰਘ ਨੇ ਥਾਣਾ ਸੋਹਾਣਾ ਵਿੱਚ ਕੇਸ ਨਾਲ ਸਬੰਧਤ ਖੜ੍ਹੀ ਟਰਾਲੀ ਗਾਇਬ ਕਰਨ ਅਤੇ ਪੁਲਿਸ ਮੁਲਾਜ਼ਮ ਉਤੇ ਮੁਲਜ਼ਮਾਂ ਦੀ ਮੱਦਦ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਇਸ ਮਾਮਲੇ ਵਿੱਚ ਐੱਸਐੱਸਪੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਹੌਲਦਾਰ ਸਾਹਬ ਸਿੰਘ ਅਤੇ ਹੋਰ ਸਬੰਧਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਅੱਜ ਮੋਹਾਲੀ ਪ੍ਰੈੱਸ ਕਲੱਬ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਅਜੈਬ ਕੌਰ ਦੇ ਬਿਆਨਾਂ ’ਤੇ 7 ਦਸੰਬਰ 2023 ਨੂੰ ਥਾਣਾ ਸੋਹਾਣਾ ਵਿੱਚ ਕੇਸ ਨੰਬਰ 485 ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਜ਼ਮੀਨੀ ਵਿਵਾਦ ਦੌਰਾਨ ਭੰਨਤੋੜ, ਕੁੱਟਮਾਰ, ਧਮਕੀਆਂ ਅਤੇ ਟਰੈਕਟਰ-ਟਰਾਲੀ ਖੋਹ ਕੇ ਲਿਜਾਣ ਦੇ ਮੱਖਣ ਸਿੰਘ ਉਤੇ ਦੋਸ਼ ਲਾਏ ਗਏ ਸਨ। ਸ਼ਿਕਾਇਤਕਰਤਾ ਮੁਤਾਬਕ, ਕੇਸ ਵਿੱਚ ਲਾਲ ਰੰਗ ਦੇ ਸਵਰਾਜ 855 ਟਰੈਕਟਰ ਨੰਬਰ ਪੀਬੀ65-ਐਕਸ-7354 ਦੀ ਬਰਾਮਦਗੀ ਵੀ ਦਰਜ ਹੈ।

ਗੁਰਮੁਖ ਸਿੰਘ ਨੇ ਦੱਸਿਆ ਕਿ ਟਰੈਕਟਰ ਨਾਲ ਸਬੰਧਤ ਨੀਲੇ ਰੰਗ ਦੀ ਟਰਾਲੀ ਥਾਣਾ ਸੋਹਾਣਾ ਅੰਦਰ ਖੜ੍ਹੀ ਸੀ, ਜਿਸ ਨੂੰ ਹੌਲਦਾਰ ਸਾਹਬ ਸਿੰਘ, ਕਥਿਤ ਤੌਰ ’ਤੇ ਉੱਥੋਂ ਲਿਜਾ ਕੇ ਪਿੰਡ ਰਾਏਪੁਰ ਵਿੱਚ ਜਗਤ ਪੰਜਾਬੀ ਰਸੋਈ ਨੇੜੇ ਕਿਸੇ ਨੂੰ ਵੇਚ ਗਿਆ। ਗੁਰਮੁਖ ਸਿੰਘ ਨੇ ਦੱਸਿਆ ਕਿ 12 ਅਕਤੂਬਰ 2026 ਨੂੰ ਉਹ ਬਲਵੰਤ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਜ਼ਿਲ੍ਹਾ ਐਸ.ਏ.ਐਸ. ਨਗਰ (ਸ. ਭੁਪਿੰਦਰ ਸਿੰਘ ਮਾਨ ਗਰੁੱਪ) ਨਾਲ ਉੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਆਪਣੀ ਟਰਾਲੀ ਪਛਾਣ ਲਈ, ਜਦਕਿ ਸਬੰਧਤ ਟਰਾਲੀ ਦਾ ਰੰਗ ਵੀ ਬਦਲਿਆ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਹੌਲਦਾਰ ਸਾਹਬ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਟਰਾਲੀ ਥਾਣੇ ਵਿੱਚੋਂ ਲਿਜਾਣ ਦੀ ਵੀ ਗੱਲ ਮੰਨੀ। ਸ਼ਿਕਾਇਤਕਰਤਾ ਨੇ ਇਸ ਸਬੰਧੀ ਵੀਡੀਓ ਵੀ ਪੱਤਰਕਾਰਾਂ ਸਾਹਮਣੇ ਦਿਖਾਈ।

ਉਹਨਾਂ ਨੇ ਦੱਸਿਆ ਕਿ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਏਐੱਸਆਈ ਬਲਬੀਰ ਸਿੰਘ ਘੁੰਮਣ ਨੂੰ ਸੂਚਿਤ ਕਰਨ ਮਗਰੋਂ ਟਰਾਲੀ, ਪੁਲਿਸ ਨੇ ਬਰਾਮਦ ਕਰਕੇ ਪੁਲਿਸ ਚੌਕੀ ਸਨੇਟਾ ਵਿੱਚ ਖੜ੍ਹੀ ਕਰ ਦਿੱਤੀ। ਉਸ ਨੇ ਸਬੰਧਤ ਪੁਲਿਸ ਅਧਿਕਾਰੀਆਂ ਵੱਲੋਂ ਸਬੰਧਤ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਇਹ ਮਾਮਲਾ ਰਫ਼ਾ-ਦਫ਼ਾ ਕਰਨ ਦਾ ਦਬਾਅ ਪਾਇਆ ਗਿਆ।

ਗੁਰਮੁਖ ਸਿੰਘ ਮੁਤਾਬਕ, ਉਸ ਨੇ ਲਗਪਗ ਇੱਕ ਹਫ਼ਤਾ ਪਹਿਲਾਂ ਐੱਸਐੱਸਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਸਬੂਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਨਾਲ ਹੀ ਗੁਰਮੁਖ ਸਿੰਘ ਨੇ ਕਿਹਾ ਕਿ ਜੇਕਰ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਨਾ ਮਿਲਿਆ ਤਾਂ ਉਹ ਮਾਣਯੋਗ ਹਾਈਕੋਰਟ ਦਾ ਰੁਖ ਕਰਨਗੇ।

ਕੀ ਕਹਿਣਾ ਹੈ ਪੁਲਿਸ ਮੁਲਾਜ਼ਮ ਸਾਹਬ ਸਿੰਘ ਦਾ :

ਜਦੋਂ ਉਪਰੋਕਤ ਮਾਮਲੇ ਸਬੰਧੀ ਸਾਹਬ ਸਿੰਘ ਨਾਲ ਫੋਨ ਉਤੇ ਗੱਲਬਾਤ ਕੀਤੀ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠੇ ਦੱਸਿਆ। ਉਹਨਾਂ ਕਿਹਾ ਕਿ ਮੇਰਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਮੈਂ ਉਪਰੋਕਤ ਸ਼ਿਕਾਇਤਕਰਤਾ ਨੂੰ ਜਾਣਦਾ ਤੱਕ ਵੀ ਨਹੀਂ। ਨਾਲ ਹੀ ਸਾਹਬ ਸਿੰਘ ਨੇ ਕਿਹਾ ਕਿ ਮੈਂ ਆਪਣੇ ਬਿਆਨ ਪਹਿਲਾਂ ਹੀ ਦਰਜ ਕਰਵਾ ਚੁੱਕਾ ਹਾਂ।

Leave a Reply

Your email address will not be published. Required fields are marked *