ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨਗਰ ਕੌਂਸਲ ਦਫਤਰ ਫਾਜ਼ਿਲਕਾ ਵਿਖੇ ਫਾਜ਼ਿਲਕਾ ਦੇ ਲੋਕਾਂ ਨੂੰ ਮਿਲੇ, ਜਿਥੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆ ਤੇ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ।
ਇਸ ਮੌਕੇ ਬੋਲਦਿਆ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਸ਼ਹਿਰ ਦੇ ਜਿਹੜੇ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ ਉਹ ਆਉਣ ਵਾਲੇ ਦਿਨਾਂ ਵਿੱਚ ਪੂਰੇ ਹੋ ਜਾਣਗੇ। ਇਸ ਤੋਂ ਇਲਾਵਾ ਜਿਹੜੇ ਹੋਰ ਡਿਵੈਲਪਮੈਂਟ ਦੇ ਕੰਮ ਸੜਕਾਂ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਜਾਂ ਸ਼ਹਿਰ ਨੂੰ ਸੁੰਦਰ ਬਣਾਉਣਾ, ਉਸ ਬਾਰੇ ਵੀ ਵਿਚਾਰ ਚਰਚਾ ਹੋਈ ਹੈ ਅਤੇ ਉਹ ਕੰਮ ਵੀ ਜਲਦੀ ਸ਼ੁਰੂ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ।ਜਿਸ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੂਰੀ ਤਿਆਰੀ ਕਸ ਲਈ ਹੈ।ਉਹਨਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਖੁਸ਼ ਹਨ।ਪਿਛਲੇ ਸਮੇਂ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਸੀ।ਆਮ ਆਦਮੀ ਪਾਰਟੀ ਨੇ ਬਲਾਕ ਸੰਮਤੀ ਵਿੱਚ 25 ਦੇ ਵਿੱਚੋਂ 21 ਸੀਟਾਂ ਜਿੱਤੀਆਂ ਸਨ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ।ਕੋਈ ਵੀ ਕਿਸੇ ਦਾ ਕੰਮ, ਮਸਲਾ ਜਾਂ ਮੁਸ਼ਕਿਲ ਹੁੰਦੀ ਹੈ ਆਪ ਨਾਲ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਫਾਜ਼ਿਲਕਾ ਦੇ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ।ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਫਤ 600 ਯੂਨਿਟ ਬਿਜਲੀ, 10 ਲੱਖ ਦਾ ਮੁਫ਼ਤ ਇਲਾਜ, ਮਹਿਲਾਵਾਂ ਲਈ 1000 ਤੇ 1500 ਦੀ ਯੋਜਨਾ ਆਦਿ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਲਈ ਹਰ ਕਿਸੇ ਲਈ ਖੁੱਲਾ ਸੱਦਾ ਹੈ ਤੇ ਕੋਈ ਵੀ ਬੇਝਿਜਕ ਹੋ ਕੇ ਪਾਰਟੀ ਵਿੱਚ ਬਿਨਾਂ ਕਿਸੇ ਲਾਲਚ ਦੇ ਆ ਸਕਦਾ ਹੈ।ਆਮ ਆਦਮੀ ਪਾਰਟੀ ਵਿਚ ਟਿਕਟਾਂ ਸਿਰਫ ਮਿਹਨਤ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਨੂੰ ਹੀ ਮਿਲਦੀਆਂ ਹਨ ਅਤੇ ਇਸ ਵਾਰ ਵੀ ਪਾਰਟੀ ਵੱਲੋਂ ਸਰਵੇ ਕਰਵਾ ਕੇ ਮਿਹਨਤੀ ਵਰਕਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ।

