ਜਲਾਲਾਬਾਦ ਦੇ ਵਿਧਾਇਕ ਸ਼੍ਰੀ ਜਗਦੀਪ ਕੰਬੋਜ ਗੋਲਡੀ ਨੇ ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਦੌਰਾਨ ਵਿਧਾਇਕ ਗੋਲਡੀ ਕੰਬੋਜ ਨੇ ਚੱਕ ਸੋਤਰੀਆਂ (ਬੰਦੀਵਾਲਾ) ਅਤੇ ਚੱਕ ਪਾਲੀਵਾਲਾ (ਮੋਹਲਣ) ਵਿਖੇ ਲਾਇਬ੍ਰੇਰੀਆਂ, ਚੱਕ ਖੇੜੇ ਵਾਲਾ (ਜੈਮਲ ਵਾਲਾ) ਵਿਖੇ ਲਾਇਬ੍ਰੇਰੀ ਅਤੇ ਇੰਟਰਲਾਕ ਸੜਕ, ਕਾਠਗੜ੍ਹ ਵਿਖੇ ਸਪੋਰਟਸ ਸਟੇਡੀਅਮ ਅਤੇ ਇੰਟਰਲਾਕ ਸੜਕਾਂ, ਲਾਇਬ੍ਰੇਰੀ ਦੇ ਨਾਲ ਪੀਣ ਵਾਲੇ ਪਾਣੀ ਦੀ ਪਾਈਪਲਾਈਨ, ਮੈਰਿਜ ਹਾਲ ਦੀ ਮੁਰੰਮਤ, ਖੇਡ ਸਟੇਡੀਅਮ ਵਿੱਚ ਬਣੇ ਕਮਰੇ ਅਤੇ ਖੁਰੰਜ ਪਿੰਡ ਵਿਖੇ ਸਕੂਲ ਦਾ ਉਦਘਾਟਨ ਕੀਤਾ।
ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲਾਲਾਬਾਦ ਹਲਕੇ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਹਲਕੇ ਦਾ ਕੋਈ ਵੀ ਪਿੰਡ ਅਛੂਤਾ ਨਹੀਂ ਰਹੇਗਾ। ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਹਲਕੇ ਵਿੱਚ ਸਾਰੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਪਰੇ ਰਹਿ ਕੇ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ, ਭਾਵੇਂ ਉਹ ਪਿੰਡ ਦੀਆਂ ਸੜਕਾਂ ਅਤੇ ਨਾਲੀਆਂ ਨੂੰ ਪੱਕਾ ਕਰਨ ਦਾ ਹੋਵੇ, ਖੇਡ ਸਟੇਡੀਅਮਾਂ, ਲਾਇਬ੍ਰੇਰੀਆਂ, ਸਕੂਲਾਂ ਅਤੇ ਡਰੇਨੇਜ ਪ੍ਰਣਾਲੀਆਂ ਦਾ ਨਵੀਨੀਕਰਨ ਕਰਨ ਦਾ ਹੋਵੇ।

ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ। ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਖੇਡਣ ਲਈ ਉਤਸ਼ਾਹਿਤ ਕਰਨਾ ਅਤੇ ਸਾਡੇ ਦੇਸ਼ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਉਣਾ ਹੈ, ਜੋ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਪੜ੍ਹਾਈ ਕਰਕੇ ਸਾਡੀ ਨੌਜਵਾਨ ਪੀੜ੍ਹੀ ਉੱਚ ਅਹੁਦਿਆਂ ‘ਤੇ ਪਹੁੰਚੇਗੀ ਅਤੇ ਸਾਡੇ ਹਲਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ। ਇਸੇ ਤਰ੍ਹਾਂ, ਖੁਰੰਜ ਪਿੰਡ ਵਿੱਚ ਵਿਆਹ ਹਾਲ ਦੀ ਮੁਰੰਮਤ ਨਾਲ ਹੁਣ ਪਿੰਡ ਵਾਸੀ ਆਪਣੇ ਸ਼ੁਭ ਮੌਕੇ ਇੱਥੇ ਮਨਾ ਸਕਣਗੇ, ਜਿਸ ਨਾਲ ਉਨ੍ਹਾਂ ਦੇ ਆਪਸੀ ਸਬੰਧ ਮਜ਼ਬੂਤ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਕਾਰਜ ਜਾਰੀ ਰਹਿਣਗੇ। ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਪਿੰਡਾਂ ਨੂੰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ। ਪਿੰਡਾਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਵਿੱਚ ਪੱਕੀਆਂ ਸੜਕਾਂ, ਗਲੀਆਂ, ਨਾਲੀਆਂ, ਖੇਡ ਸਟੇਡੀਅਮ, ਪਾਰਕ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ, ਜਿਸ ਨਾਲ ਪਿੰਡ ਵਾਸੀ ਖੁਸ਼ ਹਨ।