ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਫਾਜਿਲਕਾ ਦੇ ਪਿੰਡ ਸਾਬੂਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 1.90 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਕਮਰੇ, ਨਵੀਆਂ ਲੈਬ, ਚਾਰ ਦੀਵਾਰੀ, ਇੰਟ੍ਰੈਕਟਿਵ ਟੀਵੀ ਪੈਨਲ, ਲਾਇਬਰੇਰੀ, ਕੰਪਿਊਟਰ ਲੈਬ ਤੋਂ ਇਲਾਵਾ ਹੋਰ ਵੀ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁੱਖਾ ਸਵਨਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਇਸ ਮੌਕੇ ਵਿਧਾਇਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸੁਵਿਧਾਜਨਕ ਮਾਹੌਲ ਸਿਰਜਣ ਦੇ ਮਕਸਦ ਨਾਲ ਨਵੇਂ ਕਲਾਸ ਰੂਮਾਂ ਦੀ ਤਾਮੀਰ, ਆਧੁਨਿਕ ਕੰਪਿਊਟਰ ਲੈਬਾਂ ਦੀ ਸਥਾਪਨਾ, ਇੰਟਰਐਕਟਿਵ ਪੈਨਲਾਂ ਦੀ ਉਪਲਬਧਤਾ, ਇਮਾਰਤਾਂ ਦੀ ਮੁਰੰਮਤ, ਟਾਇਲਟ ਬਲਾਕਾਂ ਦੀ ਅਪਗ੍ਰੇਡੇਸ਼ਨ, ਸਾਫ਼ ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਬਿਹਤਰ ਅਤੇ ਸੁਚੱਜਾ ਵਾਤਾਵਰਣ ਪ੍ਰਾਪਤ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਸਿੱਖਿਆ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਲਿਆਂਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ ਅਤੇ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇ, ਜਿਸ ਲਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਅਹਿਮ ਭੂਮਿਕਾ ਨਿਭਾ ਰਹੀ ਹੈ।
ਵਿਧਾਇਕ ਨੇ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਸਕੂਲਾਂ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ, ਤਾਂ ਜੋ ਹਰ ਵਿਦਿਆਰਥੀ ਨੂੰ ਵਧੀਆ ਸਿੱਖਿਆ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ।ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਪਾਰੁਲ ਰਿਣਵਾ ਦੇ ਪਤੀ ਅਮਿਤ ਰਿਣਵਾ, ਬਲਾਕ ਸੰਮਤੀ ਮੈਂਬਰ ਅਸ਼ਵਨੀ ਕੁਮਾਰ, ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ, ਪਿੰਡ ਦੇ ਸਰਪੰਚ ਸੰਜੂ ਅਤੇ ਸਮੂਹ ਪੰਚ, ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਹਾਜ਼ਰ ਸਨ।
