ਵਧੀਕ ਜਿਲ੍ਹਾ ਚੋਣਕਾਰ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ(ਡੀ) ਫਾਜਿਲਕਾ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮਿਊਨਸੀਪਲ ਕਾਰਪੋਰੇਸ਼ਨਾਂ, ਮਿਊਨਸੀਪਲ ਕੌਸਲਾਂ ਅਤੇ ਨਗਰ ਪੰਚਾਇਤਾ ਦੀਆਂ ਆਮ ਚੋਣਾਂ-2026 ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸਮੂਹ ਰਾਜਨੀਤਿਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਹਾਜਰ ਸੀ। ਉਨ੍ਹਾਂ ਸਮੂਹ ਪਾਰਟੀ ਪ੍ਰਧਾਨਾਂ ਨੂੰ ਰਾਜ ਚੋਣ ਕਮਿਸ਼ਨ, ਪੰਜਾਬ ਜੀ ਵੱਲੋਂ ਪ੍ਰਾਪਤ ਸ਼ਡਿਊਲ ਦੀ ਕਾਪੀ ਮੀਟਿੰਗ ਵਿੱਚ ਮੁਹੱਇਆ ਕਰਵਾਈ ਗਈ ਅਤੇ ਰਾਜ ਚੋਣ ਕਮਿਸ਼ਨ ਪੰਜਾਬ ਜੀ ਵੱਲੋਂ ਪ੍ਰਾਪਤ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਚੋਣਾਂ-2026 ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ 17 ਅਪ੍ਰੈਲ 2026 ਤੋਂ 23 ਅਪ੍ਰੈਲ 2026 ਤੱਕ ਦਾਅਵੇ ਅਤੇ ਇਤਰਾਜ਼ ਦਰਜ ਕੀਤੇ ਜਾਣਗੇ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਮਿਤੀ 30 ਅਪ੍ਰੈਲ 2026 ਤੱਕ ਕੀਤਾ ਜਾਵੇਗਾ । ਉਨ੍ਹਾਂ ਹੋਰ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 05 ਮਈ 2026 ਨੂੰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੋਧ ਸਬੰਧੀ ਅਨੁਸੂਚੀ ਮੁਤਾਬਿਕ, ਪੰਜਾਬ ਮਿਉਂਸਪਲ ਚੋਣ ਨਿਯਮ, 1994 ਦੇ ਨਿਯਮ 14 ਵਿੱਚ ਦਰਸਾਏ ਅਨੁਸਾਰ ਕੋਈ ਵੀ ਯੋਗ ਵਿਅਕਤੀ ਫਾਰਮ ਨੰ. 7 (ਨਾਮ ਸ਼ਾਮਲ ਕਰਨ ਸਬੰਧੀ ਦਾਅਵੇ ਦੀ ਅਰਜ਼ੀ ਲਈ), ਫਾਰਮ 8 (ਨਾਮ ਸ਼ਾਮਲ ਕਰਨ ਸਬੰਧੀ ਇਤਰਾਜ਼ ਲਈ) ਅਤੇ ਫਾਰਮ 9 (ਇੱਕ ਐਂਟਰੀ ਵਿੱਚ ਵੇਰਵਿਆਂ ਬਾਰੇ ਇਤਰਾਜ਼ ਲਈ) ਰਾਹੀਂ ਬਿਨੈ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਫਾਰਮ ਨੰ: 7, 8 ਅਤੇ 9 ਨੂੰ ਕਮਿਸ਼ਨ ਦੀ ਵੈੱਬਸਾਈਟ (https://sec.punjab.gov.in) ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਨੈਕਾਰ ਵੱਲੋਂ ਆਪਣਾ ਨਾਮ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਯੋਗ ਹੋਣ ਦੀ ਯੋਗਤਾ ਮਿਤੀ 23.4.2026 ਨਿਰਧਾਰਤ ਕੀਤੀ ਗਈ ਹੈ। ਵੋਟਰ ਵਜੋਂ ਰਜਿਸਟਰ ਹੋਣ ਦੇ ਯੋਗ ਹੋਣ ਲਈ, ਬਿਨੈਕਾਰ ਦੀ ਉਮਰ ਯੋਗਤਾ ਮਿਤੀ ਨੂੰ 18 ਸਾਲ ਪੂਰੀ ਹੋਣੀ ਚਾਹੀਦੀ ਹੈ ਅਤੇ ਉਹ ਆਮ ਤੌਰ ‘ਤੇ ਉਸ ਇਲਾਕੇ ਦਾ ਨਿਵਾਸੀ ਹੋਣਾ ਚਾਹੀਦਾ ਹੈ ਜਿਸ ਇਲਾਕੇ ਵਿੱਚ ਉਹ ਰਹਿੰਦਾ ਹੈ।
ਵਧੀਕ ਜਿਲ੍ਹਾ ਚੋਣਕਾਰ ਅਫਸਰ ਨੇ ਦੱਸਿਆ ਕਿ ਨਗਰ ਕੌਸਲ ਫਾਜਿਲਕਾ ਦੇ 25 ਵਾਰਡਾਂ ,ਨਗਰ ਕੌਂਸਲ ਜਲਾਲਾਬਾਦ ਦੇ 17 ਵਾਰਡਾਂ, ਨਗਰ ਪੰਚਾਇਤ ਅਰਨੀਵਾਲਾ ਸੇਖ ਸੁਭਾਨ ਦੇ 11 ਵਾਰਡਾਂ, ਨਗਰ ਨਿਗਮ ਅਬੋਹਰ ਦੇ 50 ਵਾਰਡਾਂ ਦੀਆਂ ਚੋਣਾਂ ਹੋਣੀਆਂ ਹਨ ।
