ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਡੀਵਰਮਿੰਗ ਦਿਵਸ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ। ਇਸ ਮੌਕੇ ਡਾ. ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ ਉਪਿੰਦਰ ਸਿੰਘ ਸਹਾਇਕ ਸਿਵਲ ਸਰਜਨ ਅਤੇ ਰਾਜੇਸ਼ ਕੁਮਾਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵੀ ਮੌਜੂਦ ਸਨ।
ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ 10 ਅਗਸਤ 2026 ਨੂੰ ਜਿਲ੍ਹਾ ਫ਼ਾਜ਼ਿਲਕਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਆਂਗਣਵਾੜੀ ਸੈਂਟਰਾਂ, ਆਈ.ਟੀ.ਆਈ., ਡਿਪਲੋਮਾ ਕਾਲਜਾਂ, ਡਿਗਰੀ ਕਾਲਜਾਂ ਅਤੇ ਸਕੂਲ ਨਾ ਜਾਣ ਵਾਲੇ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਖਾਤਮੇ ਵਾਲਾ ਸੀਰਪ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ ਖੁਆਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦਿਨ ਜਿਹੜੇ ਬੱਚੇ ਕਿਸੇ ਕਾਰਨ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਹਨਾਂ ਨੂੰ ਮੋਪ ਅੱਪ ਰਾਊਂਡ 17 ਅਗਸਤ 2026 ਵਾਲੇ ਦਿਨ ਇਹ ਗੋਲੀ ਖਿਲਾਈ ਜਾਵੇਗੀ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਲਗਭਗ 3,12,000 ਬੱਚਿਆਂ ਨੂੰ ਇਹ ਗੋਲੀ ਖੁਆਉਣ ਦਾ ਟੀਚਾ ਹੈ ਤੇ ਇਹ ਗੋਲੀ ਬੱਚਿਆਂ ਨੂੰ ਖ਼ਾਲੀ ਪੇਟ ਨਾ ਦਿੱਤੀ ਜਾਵੇ।
ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਦੋ ਵਾਰ (ਛੇ ਮਹੀਨਿਆਂ ਦੇ ਫਰਕ ਨਾਲ) ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਅਲਬੈਂਡਾਜੋਲ ਗੋਲੀਆਂ ਖੁਆਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਬੱਚੇ ਨੂੰ ਇਹ ਗੋਲੀ ਖਾਣੀ ਅਤਿ ਜ਼ਰੂਰੀ ਹੈ ਤਾਂ ਜੋ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਬੱਚਿਆਂ ਵਿਚ ਪੇਟ ਦੇ ਕੀੜੇ ਹੋਣ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਬੱਚੇ ਦੇ ਪੇਟ ਵਿੱਚ ਕੀੜੇ ਹੋਣ ਕਾਰਣ ਬੱਚੇ ਵਿੱਚ ਅਨੀਮੀਆ, ਭੁੱਖ ਘੱਟ ਲੱਗਣਾ, ਕੁਪੋਸ਼ਣ, ਮਾਨਸਿਕ ਤੇ ਬੌਧਿਕ ਕਮਜੋਰੀ, ਥਕਾਵਟ, ਬੇਚੈਨੀ, ਪੇਟ ਵਿੱਚ ਦਰਦ, ਜੀਅ ਮਤਲਾਉਣਾ, ਚਿੜਚਿੜਾਪਣ, ਉਲਟੀ ਅਤੇ ਦਸਤ ਆਉਣਾ ਜਾਂ ਲੈਟਰੀਨ ਵਿੱਚ ਖੂਨ ਆਉਣਾ ਲੱਛਣ ਹੋ ਸਕਦੇ ਹਨ ਅਤੇ ਬੱਚਾ ਦਿਨੋ ਦਿਨ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ।
ਉਹਨਾਂ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਾਓ ਲਈ ਸਾਨੂੰ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾਂ, ਖਾਣਾ ਪਰੋਸਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਧੋਣੇ ਚਾਹੀਦੇ ਹਨ। ਖੁੱਲ੍ਹੇ ਵਿੱਚ ਪਖਾਨਾ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਸਾਫ਼ ਪਾਣੀ ਪੀਣਾ ਚਾਹੀਦਾ ਹੈ, ਨੰਗੇ ਪੈਰ ਮਿੱਟੀ ਵਿੱਚ ਨਾ ਚੱਲੋ, ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜਿਹੜੇ ਬੱਚੇ ਸਕੂਲ ਜਾਂ ਆਂਗਨਵਾੜੀ ਸੈਂਟਰਾਂ ਵਿੱਚ ਨਹੀਂ ਜਾਂਦੇ ਉਨ੍ਹਾਂ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਆਸ਼ਾ ਵਰਕਰ ਵਲੋਂ ਘਰ ਘਰ ਜਾ ਕੇ ਅਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਜਾਵੇਗੀ। ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ ਅਤੇ ਦਿਵੇਸ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਆਪਣੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਖੁਰਾਕ ਜ਼ਰੂਰ ਖਵਾਉਣ।
ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਵਿਨੋਦ ਖੁਰਾਣਾ, ਦਿਵਸ਼ ਕੁਮਾਰ, ਬਲਜੀਤ ਸਿੰਘ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਡੀਵਰਮਿੰਗ ਦਿਵਸ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ