ਜੋਸ਼ ਟੀਮ ਨਾਲ ਟੀ.ਬੀ ਮੁਕਤ ਭਾਰਤ ਅਭਿਆਨ ਨੂੰ ਮਿਲੇਗਾ ਨਵਾਂ ਜੋਸ਼ : ਡਿਪਟੀ ਕਮਿਸ਼ਨਰ

ਟੀਬੀ ਵਿਰੁੱਧ ਮੁਹਿੰਮ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਹੋਰ ਮਜ਼ਬੂਤੀ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ 8 ਅਕਤੂਬਰ 2026 ਨੂੰ ਰਾਸ਼ਟਰੀ ਪੱਧਰ ਤੇ ਜੋਸ਼ (JOSH -ਜੁਆਇੰਟ ਸਕੁਐਡ ਫਾਰ ਹੈਲਥ) ਟੀਮਾਂ ਦੇ ਗਠਨ ਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਲੜੀ ਤਹਿਤ ਜਿਲਾ ਫਾਜ਼ਿਲਕਾ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ  ਪ੍ਰਧਾਨਗੀ, ਸਿਵਲ ਸਰਜਨ ਡਾ. ਕਵਿਤਾ ਸਿੰਘ ਅਤੇ ਜਿਲਾ ਟੀ.ਬੀ ਅਫਸਰ ਡਾ ਨੀਲੂ ਚੁੱਘ ਦੀ ਮੌਜੂਦਗੀ ਵਿਚ ਇਸ ਪ੍ਰੋਗਰਾਮ ਦੀ ਲਾਈਵ ਕਵਰੇਜ ਦੇ ਮੌਕੇ ਤੇ ਟੀ.ਬੀ ਵੋਲੰਟੀਅਰਸ ਨੂੰ ਸਨਮਾਨਿਤ ਕੀਤਾ ਗਿਆ।

 ਜੋਸ਼ ਮੁਹਿੰਮ ਬਾਰੇ ਦਸਦੇ ਹੋਏ ਡਿਪਟੀ ਕਮਿਸ਼ਨਰ ਅਮਨਪ੍ਰੀਤ ਕੌਰ ਸੰਧੂ ਨੇ ਦਸਿਆ ਕਿ ਪਹਿਲੇ ਪੜਾਅ ਵਿੱਚ ਨੌਜਵਾਨਾਂ ਦੀ ਅਗਵਾਈ ਵਿੱਚ ਭਾਈਚਾਰਕ ਲਾਮਬੰਦੀ ਨੂੰ ਮਜ਼ਬੂਤ ਕਰਨ ਅਤੇ ਟੀਬੀ ਮੁਕਤ ਭਾਰਤ ਦਾ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ 11 ਰਾਜਾਂ ਅਤੇ 55 ਜ਼ਿਲ੍ਹਿਆਂ ਵਿੱਚ ‘ਜੋਸ਼’ ਟੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਵਿੱਚ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਹਿਤਧਾਰਕਾਂ ਦੇ ਨਾਲ-ਨਾਲ ਚੁਣੇ ਹੋਏ ਨੁਮਾਇੰਦੇ, ਕਲਾਸ-। ਦੇ ਅਧਿਕਾਰੀ, ਮਾਈ ਭਾਰਤ ਵਲੰਟੀਅਰ, ਐੱਨਸੀਸੀ ਕੈਡੇਟਸ ਅਤੇ ਭਾਰਤ ਦੇ ਟੀਬੀ ਨੂੰ ਖਤਮ ਕਰਨ ਦੇ ਯਤਨਾਂ ਨਾਲ ਜੁੜੇ ਹੋਰ ਹਿਤਧਾਰਕ ਇਕੱਠੇ ਸ਼ਾਮਲ ਹੋਣਗੇ। ਮਾਈ ਭਾਰਤ ਐਪ ਵਿਚ ਸ਼ਾਮਲ ਕੀਤੇ ਗਏ ਨਵੇਂ ਫ਼ੀਚਰ ਮੁਤਾਬਕ ਕਲਾਸ-। ਦੇ ਅਧਿਕਾਰੀ ਆਪਣੇ ਅਧੀਨ ਜੋਸ਼ ਟੀਮ ਰਜਿਸਟਰ ਕਰਨਗੇ, ਇਸ ਉਪਰੰਤ ਜੋਸ਼ ਟੀਮ ਵਲੋਂ ਜੋ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ ਉਹ ਇਸ ਪੋਰਟਲ ਤੇ ਅਪਲੋਡ ਕੀਤੀਆਂ ਜਾਣਗੀਆਂ।

ਡਾ ਕਵਿਤਾ ਸਿੰਘ ਨੇ ਦਸਿਆ ਕਿ ਜਿਲਾ ਫਾਜ਼ਿਲਕਾ ਨੂੰ ਟੀ.ਬੀ ਮੁਕਤ ਬਣਾਉਣ ਲਈ ਵਿਭਾਗ ਵਲੋਂ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।  ਜਿਸ ਤਹਿਤ ਸਕਰੀਨਿੰਗ ਵਿਚ ਵਾਧਾ ਕੀਤਾ ਗਿਆ ਹੈ ਅਤੇ ਏ-ਆਈ ਤਕਨੀਕ ਦੀਆਂ 4 ਐਕਸ ਰੇ ਮਸ਼ੀਨਾਂ ਰਾਹੀਂ ਜਿਲੇ ਵਿਖੇ ਕੈੰਪ ਲਗਾਏ ਜਾ ਰਹੇ ਹਨ ਤਾਂ ਜੋ ਟੀ.ਬੀ ਦੇ ਸ਼ੱਕੀ ਮਰੀਜਾਂ ਦੀ ਸਮੇਂ ਸਿਰ ਪਛਾਣ ਹੋ ਸਕੇ ਅਤੇ ਟੀ.ਬੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਦਸਿਆ ਕਿ ਕਮਿਊਨਿਟੀ ਆਊਟਰੀਚ ਅਤੇ ਸ਼ਮੂਲੀਅਤ ਰਾਹੀਂ ‘ਜੋਸ਼’ ਟੀਮਾਂ ਟੀਬੀ ਦੇ ਲੱਛਣਾਂ, ਰੋਕਥਾਮ, ਸਮੇਂ ਸਿਰ ਜਾਂਚ ਅਤੇ ਇਲਾਜ ਪੂਰਾ ਕਰਨ ਨਾਲ ਸਬੰਧਿਤ ਮਹੱਤਵਪੂਰਨ ਸੰਦੇਸ਼ਾਂ ਦੇ ਪ੍ਰਸਾਰ ਵਿੱਚ ਸਹਿਯੋਗ ਕਰੇਗੀ। ਉਹ ਟੀਬੀ ਨਾਲ ਜੁੜੇ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ, ਕਲੰਕ ਨੂੰ ਘਟਾਉਣ ਅਤੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਰਾਸ਼ਟਰੀ ਟੀਬੀ ਦੇ ਖਾਤਮਾ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਵੀ ਯੋਗਦਾਨ ਦੇਣਗੀਆਂ।

ਡਾ ਨੀਲੂ ਚੁੱਘ ਨੇ ਦਸਿਆ ਕਿ ਇਸ ਪਹਿਲਕਦਮੀਆਂ ਦਾ ਉਦੇਸ਼ ਨੌਜਵਾਨਾਂ ਨੂੰ ਟੀਬੀ ਵਿਰੁੱਧ ਯਤਨਾਂ ਵਿੱਚ ਸਰਗਰਮ ਭਾਗੀਦਾਰ ਬਣਾਉਣਾ ਹੈ ਅਤੇ ਉਨ੍ਹਾਂ ਨੂੰ ਜਾਗਰੂਕਤਾ ਵਧਾਉਣ, ਸਮਾਜਿਕ ਲਾਮਬੰਦੀ ਅਤੇ ਭਾਈਚਾਰਕ ਸ਼ਮੂਲੀਅਤ ਵਿੱਚ ਯੋਗਦਾਨ ਦੇਣ ਲਈ ਇੱਕ ਨਿਰਧਾਰਿਤ ਪਲੈਟਫਾਰਮ ਪ੍ਰਦਾਨ ਕਰਨਾ ਹੈ। ਕਲਾਸ-I ਦੇ ਅਧਿਕਾਰੀਆਂ, ਮਾਈ ਭਾਰਤ ਵਲੰਟੀਅਰਾਂ ਅਤੇ ਐੱਨਸੀਸੀ ਕੈਡੇਟਾਂ ਦਾ ਤਾਲਮੇਲ ਜ਼ਮੀਨੀ ਪੱਧਰ ‘ਤੇ ਸਰਕਾਰੀ ਪ੍ਰੋਗਰਾਮਾਂ ਅਤੇ ਭਾਈਚਾਰਿਆਂ ਦਰਮਿਆਨ ਜੁੜਾਅ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਅਤੇ ਟੀ.ਬੀ ਮੁਕਤ ਰਾਜ ਬਣਾਉਣ ਵਿਚ ਸਹਿਯੋਗ ਮਿਲੇਗਾ।

ਇਸ ਮੌਕੇ ਤੇ ਜਿਲਾ ਫਾਜ਼ਿਲਕਾ ਦੀਆਂ ਸੰਸਥਾਵਾਂ ਸ਼੍ਰੀ ਅਰੋੜਬੰਸ ਸੇਵਾ ਦਲ ਸੋਸਾਇਟੀ ਫਾਜ਼ਿਲਕਾ, ਜਨ ਸੇਵਾ ਸੋਸਾਇਟੀ ਫਾਜ਼ਿਲਕਾ, ਸੁਨੀਲ ਵਾਧਵਾ ਅਬੋਹਰ, ਜਿਲੇ ਦੀਆਂ 10 ਟੀ.ਬੀ ਮੁਕਤ ਪੰਚਾਇਤਾਂ, ਬਿਮਪਾਲ ਸਿੰਘ ਟੀ.ਬੀ ਚੈਪੀਅਨ, ਟੀ.ਬੀ ਪ੍ਰੋਗਰਾਮ ਦੇ ਬਲਾਕ ਨੋਡਲ ਅਫਸਰਾਂ, ਸਿਹਤ ਸਟਾਫ ਅਤੇ ਮਾਸ ਮੀਡਿਆ ਵਿੰਗ ਨੂੰ ਯਾਦਗਾਰੀ ਚਿਨ੍ਹ ਅਤੇ ਸਰਟੀਫਿਕੇਟ ਦੇ ਕੇ ਸਮਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਡਾ ਦਿਵਾਕਰ, ਡਾ ਮੋਨਿਕਾ, ਡਾ ਵਿਕਰਮ, ਮਾਸ ਮੀਡਿਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਅਮਨ ਕੰਬੋਜ, ਐਸ.ਟੀ.ਐਲ.ਐਸ ਰਾਜ ਸਿੰਘ, ਸਮੂਹ ਬਲਾਕ ਐਸ.ਟੀ.ਐਸ, ਸਮੂਹ ਐਮ.ਐਲ.ਟੀ, ਸਮੂਹ ਟੀ.ਬੀ. ਹੈਲਥ ਵਿਜਟਰ, ਮਲਟੀ ਪਰਪਜ਼ ਹੈਲਥ ਵਰਕਰ ਵਿੱਕੀ ਰਾਠੌੜ ਤੇ ਗੁਰਜੀਤ ਸਿੰਘ, ਕਾਜਲ ਅਤੇ ਹੋਰ ਸਟਾਫ ਮੌਜੂਦ ਸੀ।

Leave a Reply

Your email address will not be published. Required fields are marked *