ਪਰਾਲੀ ਨੂੰ ਸਾੜਨ ਦੀ ਬਜਾਏ ਆਧੁਨਿਕ ਖੇਤੀ ਮਸ਼ੀਨਾਂ ਨਾਲ ਕੀਤਾ ਜਾਵੇ ਸੁਚੱਜਾ ਪ੍ਰਬੰਧਨ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਬੇਲਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਨ ਦੀ ਅਪੀਲ

ਸ੍ਰੀ ਫਤਿਹਗੜ੍ਹ ਸਾਹਿਬ : ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਆਧੁਨਿਕ ਖੇਤੀ ਮਸ਼ੀਨਾਂ ਬਾਰੇ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਨੂੰ ਅਪਣਾਉਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਆਧੁਨਿਕ ਖੇਤੀ ਮਸ਼ੀਨਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ (ਇਨ-ਸੀਟੂ) ਅਤੇ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਕੇ ਵਰਤੋਂ ਵਿੱਚ ਲਿਆਉਣ (ਐਕਸ-ਸੀਟੂ) ਦੇ ਉਪਰਾਲੇ ਕੀਤੇ ਜਾਣ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਮਲਚਰ, ਰੋਟਰੀ ਸਲੈਸ਼ਰ ਅਤੇ ਬੇਲਰ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਜ਼ਮੀਨ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਦੀ ਹੈ, ਜਿਸ ਨਾਲ ਲੰਬੇ ਸਮੇਂ ਵਿੱਚ ਖੇਤੀ ਦੀ ਉਤਪਾਦਕਤਾ ਵਿੱਚ ਵੀ ਵਾਧਾ ਹੁੰਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਖੇਤੀ ਮਸ਼ੀਨਾਂ ਦੀ ਉਪਲੱਬਧਤਾ ਲਈ ਬਲਾਕ ਸਰਹਿੰਦ ਦੇ ਖੇਤੀਬਾੜੀ ਵਿਕਾਸ ਅਫ਼ਸਰ 97818-48675, ਬਲਾਕ ਖੇੜਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ 94630-41053, ਬਲਾਕ ਬਸੀ ਪਠਾਣਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ 97804-49024, ਬਲਾਕ ਖਮਾਣੋਂ ਦੇ ਖੇਤੀਬਾੜੀ ਅਫ਼ਸਰ ਨਾਲ 95018-00975 ਅਤੇ ਬਲਾਕ ਅਮਲੋਹ ਦੇ ਖੇਤੀਬਾੜੀ ਅਫ਼ਸਰ ਨਾਲ 96465-78198 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾਵੇ ।

Leave a Reply

Your email address will not be published. Required fields are marked *