ਨਸ਼ਿਆਂ ਦੇ ਹੌਟਸਪੌਟਾਂ ਦੀ ਪਛਾਣ ਹੁਣ ਨਸ਼ਾ ਨਹੀਂ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਣੇਗੀ-ਡਿਪਟੀ ਕਮਿਸ਼ਨਰ

ਫਤਹਿਗੜ੍ਹ ਸਾਹਿਬ,

ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਇਲਾਕਿਆਂ ਨੂੰ ਮੁੜ ਸੁਰੱਖਿਅਤ, ਸਿਹਤਮੰਦ ਅਤੇ ਜੀਵੰਤ ਬਣਾਉਣ ਦੇ ਸੰਕਲਪ ਨਾਲ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਛਾਣੇ ਗਏ ਹੌਟਸਪੌਟ ਖੇਤਰਾਂ ਦੀ ਮੁੜ ਸੁਰਜੀਤੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਸਿਰਫ਼ ਤਸਕਰਾਂ ਨੂੰ ਨੱਥ ਪਾਉਣ ਤੱਕ ਸੀਮਤ ਨਹੀਂ, ਸਗੋਂ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਦੇ ਸੁਪਨਿਆਂ ਨਾਲ ਜੋੜਨ ਦਾ ਸਾਂਝਾ ਯਤਨ ਹੈ। ਉਨ੍ਹਾਂ ਨਗਰ ਕੌਂਸਲਾਂ, ਪੇਂਡੂ ਵਿਕਾਸ , ਜੰਗਲਾਤ, ਨਹਿਰੀ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਸੁੰਨਸਾਨ ਥਾਵਾਂ ਦੀ ਸਫ਼ਾਈ, ਖੰਡਰ ਇਮਾਰਤਾਂ ਦੀ ਸੰਭਾਲ, ਸਟ੍ਰੀਟ ਲਾਈਟਾਂ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਵਿਰੁੱਧ ਕਾਨੂੰਨੀ ਕਾਰਵਾਈ, ਸ਼ੱਕੀ ਟਿਕਾਣਿਆਂ ਦੀ ਨਿਗਰਾਨੀ ਅਤੇ ਨਸ਼ਾ ਪ੍ਰਭਾਵਿਤ ਖੇਤਰਾਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਂਝੇ ਉਪਰਾਲਿਆਂ ਨਾਲ ਨਸ਼ਿਆਂ ਦੀ ਸਪਲਾਈ ਰੋਕਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਿਹਤ ਵਿਭਾਗ ਨੂੰ ਨਸ਼ਾ ਪੀੜਤਾਂ ਦੀ ਪਛਾਣ, ਇਲਾਜ, ਕਾਊਂਸਲਿੰਗ ਅਤੇ ਪੁਨਰਵਾਸ ਸਹੂਲਤਾਂ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਿਹਾ। ਰੋਜ਼ਗਾਰ ਵਿਭਾਗ ਨੂੰ ਨਸ਼ਾ ਛੱਡ ਰਹੇ ਨੌਜਵਾਨਾਂ ਲਈ ਹੁਨਰ ਸਿਖਲਾਈ ਅਤੇ ਸਵੈ-ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੋਡਲ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਹਫ਼ਤਾਵਾਰੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਐਸ.ਪੀ ਹਰਵੰਤ ਕੌਰ, ਐਸ.ਡੀ.ਐਮ ਫਤਹਿਗੜ੍ਹ ਸਾਹਿਬ ਕਰੁਣ ਗੁਪਤਾ, ਐਸ.ਡੀ.ਐਮ ਬੱਸੀ ਪਠਾਣਾ ਦੀਪਜੋਤ ਕੌਰ, ਐਸ.ਡੀ.ਐਮ ਖਮਾਣੋ ਅਰਵਿੰਦ ਗੁਪਤਾ, ਐਸ.ਡੀ.ਐਮ ਅਮਲੋਹ ਹਰਵੀਰ ਕੌਰ, ਸਹਾਇਕ ਕਮਿਸ਼ਨਰ (ਜ) ਸੂਬਾ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਸਪ੍ਰੀਤ ਕੌਰ, ਸਿਵਲ ਸਰਜਨ ਅਰਵਿੰਦਰਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *