ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਮੀ ਦੀ ਮਾਤਰਾ 17 ਫੀਸਦੀ ਨਿਰਧਾਰਤ ਕੀਤੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਇਸ ਵਾਰ 100 ਮੰਡੀਆਂ ਝੋਨੇ ਦੀ ਖਰੀਦ ਲਈ ਨੋਟੀਫਾਈ ਕੀਤੀਆਂ ਗਈਆਂ ਹਨ। ਹਰ ਕੇਂਦਰ ‘ਤੇ ਕਿਸਾਨਾਂ ਦੀ ਸਹੂਲਤ ਲਈ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਅਦਾਇਗੀ ਵੱਧ ਤੋਂ ਵੱਧ 48 ਘੰਟਿਆਂ ਅੰਦਰ ਕੀਤੀ ਜਾ ਰਹੀ ਹੈ। ਸੋ ਕਿਸਾਨ ਵੀਰ ਆਪਣੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਕਾ ਕੇ ਹੀ ਕੱਟਣ ਤੇ ਉਸ ਉਪਰੰਤ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਅੱਗੇ ਕਿਹਾ ਕਿ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਕੁੱਝ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਕਾ ਕੇ ਨਹੀਂ ਲਿਆਂਦੀ ਜਾਂਦੀ ਜਿਸ ਨਾਲ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਜ਼ਿਆਦਾ ਦੇਰ ਤੱਕ ਮੰਡੀ ਵਿੱਚ ਬੈਠਣਾ ਪੈਂਦਾ ਹੈ ਉੱਥੇ ਹੀ ਖ਼ਰੀਦ, ਲਿਫਟਿੰਗ ਤੇ ਜਾਮ ਦੀ ਸਮੱਸਿਆ ਆਉਂਦੀ ਹੈ, ਸੋ ਕਿਸਾਨ ਵੀਰ ਆਪਣੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਕਾ ਕੇ ਕਟਵਾਉਣ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਡੇਜ਼ੀ ਮਹਿਤਾ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 84,311 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਦਕਿ ਹੁਣ ਤੱਕ ਕੁੱਲ 82,266 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਨਗ੍ਰੇਨ ਨੇ ਹੁਣ ਤੱਕ 13,861 ਮੀਟਿਰਕ ਟਨ, ਮਾਰਕਫੈਡ ਨੇ 7763 ਮੀਟਿਰਕ ਟਨ, ਪਨਸਪ ਨੇ 8256 ਮੀਟਿਰਕ ਟਨ, ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਨੇ 5395 ਮੀਟਿਰਕ ਟਨ ਅਤੇ ਵਪਾਰੀਆਂ ਨੇ 46,991 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਿਰਧਾਰਤ ਲਿਫਟਿੰਗ ਦੇ ਟੀਚੇ ਮੁਤਾਬਕ105 ਫੀਸਦੀ ਫਸਲ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬੀਤੀ ਸ਼ਾਮ ਤੱਕ ਖਰੀਦ ਕੀਤੇ ਗਏ ਝੋਨੇ ਵਿਚੋਂ 55.70 ਕਰੋੜ ਤੋਂ ਵਧੇਰੇ ਦੀ ਅਦਾਇਗੀ ਦੇ ਅਡਵਾਇਸ ਵੀ ਜਨਰੇਟ ਕੀਤੇ ਗਏ ਹਨ ਜੋ ਕਿ ਖਰੀਦੀ ਫਸਲ ਦੇ 100 ਫੀਸਦੀ ਬਣਦੇ ਹਨ।