ਖੇਤ ਬਚਾਓ ਅਭਿਆਨ ਤਹਿਤ ਕਿਸਾਨਾਂ ਨੂੰ ਮਿੱਟੀ ਸਿਹਤ ਸੰਭਾਲ ਲਈ ਕੀਤਾ ਜਾਗਰੂਕ

ਖੇਤੀ ਵਿਗਿਆਨ ਕੇਂਦਰ (ਕੇਵੀਕੇ), ਫਾਜ਼ਿਲਕਾ ਵੱਲੋਂ ਅੱਜ ਬਲਾਕ ਅਬੋਹਰ ਦੇ ਪਿੰਡ ਢੀਂਗਾਂਵਾਲੀ ਅਤੇ ਵਰਿਆਮ ਖੇੜਾ ਵਿੱਚ “ਖੇਤ ਬਚਾਓ ਅਭਿਆਨ” ਦੇ ਤਹਿਤ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਸ੍ਰੀ ਪ੍ਰਿਥਵੀਰਾਜ ਅਤੇ ਡਾ. ਰੂਪਿੰਦਰ ਕੌਰ ਵੱਲੋਂ ਕੀਤਾ ਗਿਆ।

ਇਸ ਮੌਕੇ ਕਿਸਾਨਾਂ ਨੂੰ ਮਿੱਟੀ ਸਿਹਤ ਸੰਭਾਲ ਅਤੇ ਟਿਕਾਊ ਖੇਤੀ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਹਿਰਾਂ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਅਤੇ ਮਿੱਟੀ ਪਰੀਖਣ ਆਧਾਰਿਤ ਵਰਤੋਂ, ਹਰੀ ਖਾਦ (ਗ੍ਰੀਨ ਮੈਨਿਓਰਿੰਗ) ਦੀ ਵਰਤੋਂ ਅਤੇ ਜੈਵਿਕ ਤੇ ਕੁਦਰਤੀ ਸਰੋਤਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਖੇਤ ਬਚਾਓ ਅਭਿਆਨ ਦਾ ਮੁੱਖ ਉਦੇਸ਼ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣਾ ਅਤੇ ਰਸਾਇਣਕ ਖਾਦਾਂ ‘ਤੇ ਜ਼ਿਆਦਾ ਨਿਰਭਰਤਾ ਨੂੰ ਘਟਾਉਣਾ ਹੈ।

ਸ੍ਰੀ ਪ੍ਰਿਥਵੀਰਾਜ ਨੇ ਕਿਸਾਨਾਂ ਨੂੰ ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਲਈ ਨਿਯਮਤ ਮਿੱਟੀ ਪਰੀਖਣ ਕਰਵਾਉਣ ਅਤੇ ਮਿੱਟੀ ਸਿਹਤ ਕਾਰਡ ਦੀਆਂ ਸਿਫਾਰਸ਼ਾਂ ਮੁਤਾਬਕ ਖਾਦਾਂ ਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਰੀ ਖਾਦ ਅਤੇ ਜੈਵਿਕ ਸਰੋਤਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਤਪਾਦਕਤਾ ਵਧਾਉਣ ਬਾਰੇ ਵੀ ਜਾਣਕਾਰੀ ਦਿੱਤੀ।

ਡਾ. ਰੂਪਿੰਦਰ ਕੌਰ ਨੇ ਕਿਸਾਨਾਂ ਨੂੰ ਪਸ਼ੂ ਪਾਲਣ ਨੂੰ ਖੇਤੀ ਨਾਲ ਜੋੜਨ ਦੀ ਸਲਾਹ ਦਿੰਦਿਆਂ ਦੱਸਿਆ ਕਿ ਪਸ਼ੂਆਂ ਤੋਂ ਪ੍ਰਾਪਤ ਗੋਹਾ ਅਤੇ ਹੋਰ ਰਹਿੰਦ-ਖੂੰਹਦ ਤੋਂ ਕੰਪੋਸਟ ਅਤੇ ਵਰਮੀ ਕੰਪੋਸਟ ਤਿਆਰ ਕਰਕੇ ਖੇਤਾਂ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੈਵਿਕ ਖਾਦਾਂ ਦੀ ਨਿਯਮਤ ਵਰਤੋਂ ਨਾਲ ਮਿੱਟੀ ਦੀ ਬਣਤਰ, ਸੂਖਮ ਜੀਵ ਗਤੀਵਿਧੀ ਅਤੇ ਪਾਣੀ ਧਾਰਨ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਫਸਲਾਂ ਦੀ ਉਤਪਾਦਕਤਾ ਅਤੇ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ।

ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਵਾਤਾਵਰਣ ਅਨੁਕੂਲ ਖੇਤੀ ਤਕਨੀਕਾਂ ਅਪਨਾਉਣ ਅਤੇ ਮਿੱਟੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਕਿਸਾਨਾਂ ਨੇ ਵੀ ਖੇਤੀ ਅਤੇ ਮਿੱਟੀ ਪ੍ਰਬੰਧਨ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ‘ਤੇ ਚਰਚਾ ਕੀਤੀ ਅਤੇ ਮਾਹਿਰਾਂ ਤੋਂ ਹੱਲ ਪ੍ਰਾਪਤ ਕੀਤੇ।

Leave a Reply

Your email address will not be published. Required fields are marked *