ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ: ਵਿਧਾਇਕ ਰੁਪਿੰਦਰ ਸਿੰਘ ਹੈਪੀ

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਪ੍ਰਧਾਨ ਸ੍ਰ. ਚਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਸਾਈਕਲ ਦਿਵਸ ਸਬੰਧੀ ਬੱਸੀ ਪਠਾਣਾਂ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਸਮਾਗਮ ਵਿੱਚ ਮਹਿਲਾਵਾਂ, ਨੌਜਵਾਨਾਂ, ਵਿਦਿਆਰਥੀਆਂ, ਖਿਡਾਰੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ।

ਇਸ ਮੌਕੇ ਹਲਕਾ ਵਿਧਾਇਕ ਸ੍ਰ. ਰੁਪਿੰਦਰ ਸਿੰਘ ਹੈਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਈਕਲਿੰਗ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਲਾਭਦਾਇਕ ਹੈ, ਸਗੋਂ ਇਹ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਇੰਧਨ ਦੀ ਬਚਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਨੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਖੇਡਾਂ ਅਤੇ ਸਾਈਕਲਿੰਗ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਫਤਹਿਗੜ੍ਹ ਸਾਹਿਬ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਗੇ।

ਸਮਾਗਮ ਦੌਰਾਨ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਸ੍ਰ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਪ੍ਰਫੁੱਲਤ ਕਰਨ ਅਤੇ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੀ ਨਵੀਂ ਚੁਣੀ ਬਾਡੀ ਵੱਲੋਂ ਸੂਬੇ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, ਜਿਸ ਦੇ ਸਾਰਥਕ ਸਿੱਟੇ ਸਾਫ ਨਜ਼ਰ ਆ ਰਹੇ ਹਨ।

ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੀ ਇਹ ਸੋਚ ਹੈ ਕਿ ਪਿੰਡਾਂ ਤੇ ਛੋਟੇ ਸ਼ਹਿਰਾਂ ਤਕ ਪਹੁੰਚ ਬਣਾ ਕੇ ਵੱਧ ਤੋਂ ਵੱਧ ਬੱਚਿਆਂ ਨੂੰ ਸਾਈਕਲਿੰਗ ਨਾਲ ਜੋੜ ਕੇ ਉਹਨਾਂ ਨੂੰ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਦੇ ਸਮਰੱਥ ਬਣਾਇਆ ਜਾਵੇ।

ਉਨ੍ਹਾਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ (ਸੀ.ਐੱਫ.ਆਈ.) ਦੇ ਪ੍ਰਧਾਨ ਸ਼੍ਰੀ ਪੰਕਜ ਸਿੰਘ, ਚੇਅਰਮੈਨ ਸ੍ਰ. ਓਂਕਾਰ ਸਿੰਘ ਅਤੇ ਸਕੱਤਰ ਜਨਰਲ ਸ੍ਰ. ਮਨਿੰਦਰਪਾਲ ਸਿੰਘ ਦਾ ਇਹ ਮਹੱਤਵਪੂਰਨ ਈਵੈਂਟ ਪੰਜਾਬ ਨੂੰ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ, ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਾਈਕਲਿੰਗ ਦੀ ਪ੍ਰਵਿਰਤੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਖੇਡ ਮੁਕਾਬਲੇ ਅਤੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕਰਵਾਏ ਜਾਂਦੇ ਰਹਿਣਗੇ।

ਇਸ ਮੌਕੇ ਕਰਵਾਏ ਮੁਕਾਬਲਿਆਂ ਤਹਿਤ ਵਿਮੈਨ ਅਲੀਟ ਵਰਗ ਵਿੱਚ ਅਮਨਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ ਪਹਿਲਾ, ਯਾਸ਼ਿਕਾ ਪੁੱਤਰੀ ਕਮਲ ਕੁਮਾਰ ਨੇ ਦੂਜਾ ਅਤੇ ਉਪਿੰਦਰਜੀਤ ਕੌਰ ਪੁੱਤਰੀ ਗੁਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਜੂਨੀਅਰ ਗਰਲਜ਼ ਵਿੱਚ ਗੁਰਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਨੇ ਪਹਿਲਾ ਅਤੇ ਰਮਨਦੀਪ ਕੌਰ ਪੁੱਤਰੀ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਸਬ ਜੂਨੀਅਰ/ ਯੂਥ ਗਰਲਜ਼ ਵਿੱਚ ਸਹਿਜਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਨੇ ਪਹਿਲਾ, ਸੀਰਤ ਕੌਰ ਪੁੱਤਰੀ ਨਵਜੀਵਨਜੋਤ ਸਿੰਘ ਨੇ ਦੂਜਾ ਅਤੇ ਮਨਮੀਤ ਕੌਰ ਪੁੱਤਰੀ ਹਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਦੌਰਾਨ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਸ੍ਰ ਰੁਪਿੰਦਰ ਸਿੰਘ ਹੈਪੀ, ਐਮ.ਸੀ. ਸ਼੍ਰੀ ਰਾਜ ਪੁਰੀ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਮਨਦੀਪ ਕੌਸ਼ਲ, ਸੀਨੀਅਰ ਬਾਸਕਟਬਾਲ ਕੋਚ ਸ਼੍ਰੀ ਰਾਹੁਲਦੀਪ ਸਿੰਘ ਅਤੇ ਸਟੇਜ ਸਕੱਤਰ ਸ਼੍ਰੀਮਤੀ ਰੂਪਰੀਤ ਕੌਰ ਦਾ ਸਨਮਾਨ ਕੀਤਾ ਗਿਆ।

ਇਸ ਦੌਰਾਨ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਮੀਤ ਪ੍ਰਧਾਨ ਐੱਸ.ਪੀ. ਸਿੰਘ, ਖੇਡ ਵਿਭਾਗ ਦੇ ਵੱਖ ਵੱਖ ਕੋਚ, ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਜ਼ ਸਮੇਤ ਵੱਡੀ ਗਿਣਤੀ ਸਾਈਕਲਿਸਟ ਤੇ ਖੇਡ ਪ੍ਰੇਮੀ ਹਾਜ਼ਰ ਸਨ।

Leave a Reply

Your email address will not be published. Required fields are marked *