ਐਸ.ਸੀ./ਐਸ.ਟੀ ਭਾਈਚਾਰੇ ਦੇ ਲੋਕਾਂ ਨੂੰ ਆਤਮਨਿਰਭਰ ਅਤੇ ਵਪਾਰਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਨੈਸ਼ਨਲ ਐਸਸੀ ਐਸਟੀ ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਆਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ (DICCI) ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਉੱਦਮੀ ਜਾਗਰੂਕਤਾ ਅਤੇ ਵਿਕਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 17 ਅਪ੍ਰੈਲ 2026 ਨੂੰ ਹੋਟਲ ਹੋਮ ਸਟੱਡਜ਼, ਅਬੋਹਰ ਰੋਡ, ਫਾਜ਼ਿਲਕਾ ਵਿਖੇ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਸ. ਜਸਵਿੰਦਰਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਐਸ.ਸੀ./ਐਸ.ਟੀ ਵਰਗ ਦੇ ਪੱਛੜੇ ਅਤੇ ਨਵੇਂ ਉਦਮੀਆਂ ਨੂੰ ਵਪਾਰ ਅਤੇ ਉਦਯੋਗ ਨਾਲ ਜੁੜੀਆਂ ਜਾਣਕਾਰੀਆਂ ਦੇਣਾ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨਾ ਹੈ। ਉਹਨਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਵੱਖ-ਵੱਖ ਸਰਕਾਰੀ ਅਤੇ ਅਰਧ-ਸਰਕਾਰੀ ਸੰਸਥਾਵਾਂ ਦੇ ਅਧਿਕਾਰੀ ਹਾਜ਼ਰ ਰਹਿਣਗੇ, ਜਿਨ੍ਹਾਂ ਵਿੱਚ ਐਫ.ਸੀ.ਆਈ. (Food Corporation of India), ਐਨ.ਐਫ.ਐਲ., ਜੈਮ (GeM Portal), ਜ਼ਿਲ੍ਹਾ ਉਦਯੋਗ ਕੇਂਦਰ, ਲੀਡ ਬੈਂਕ ਅਤੇ ਸਰਕਾਰੀ ਸਿਖਲਾਈ ਸੰਸਥਾਵਾਂ ਸ਼ਾਮਲ ਹਨ। ਇਹ ਅਦਾਰੇ ਆਪਣੇ-ਆਪਣੇ ਖੇਤਰਾਂ ਵਿੱਚ ਉਪਲਬਧ ਮੌਕਿਆਂ, ਟੈਂਡਰ ਪ੍ਰਕਿਰਿਆ, ਰਜਿਸਟ੍ਰੇਸ਼ਨ ਅਤੇ ਵਿੱਤੀ ਸਹਾਇਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ।
ਸ਼੍ਰੀ ਚਾਵਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਉੱਦਮੀਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਉਹ ਕਿਵੇਂ ਸਰਕਾਰੀ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹਨ। ਨਵੇਂ ਸਟਾਰਟਅੱਪਸ ਅਤੇ ਛੋਟੇ ਵਪਾਰੀਆਂ ਲਈ ਇਹ ਪ੍ਰੋਗਰਾਮ ਇੱਕ ਵੱਡਾ ਮੌਕਾ ਸਾਬਤ ਹੋਵੇਗਾ, ਜਿਸ ਨਾਲ ਉਹ ਸਿੱਧੇ ਤੌਰ ‘ਤੇ ਸਰਕਾਰੀ ਸੰਸਥਾਵਾਂ ਨਾਲ ਜੁੜ ਸਕਣਗੇ। ਉਹਨਾ ਕਿਹਾ ਕਿ ਸਾਰੇ ਦਿਲਚਸਪੀ ਰੱਖਣ ਵਾਲੇ ਐਸ.ਸੀ./ਐਸ.ਟੀ ਮੈਂਬਰਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਇਸ ਮੌਕੇ ਦਾ ਲਾਭ ਉਠਾਉਣ। ਉਹਨਾ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਤਦ ਹੀ ਮਿਲ ਸਕਦਾ ਹੈ ਜਦੋਂ ਲੋਕ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਅੱਗੇ ਵਧਣ ਦੀ ਸੋਚ ਰੱਖਣ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰਨ ਅਤੇ ਉਸਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗਾ।
