ਵੋਟ ਸਬੰਧੀ ਸ਼ਿਕਾਇਤਾਂ ਅਤੇ ਇਤਰਾਜ਼ ਸੁਣਨ ਲਈ ਵੀ ਉਪਲਬਧ ਰਹਿਣਗੇ ਇਲੈਕਟੋਰਲ ਰੋਲ ਅਬਜ਼ਰਵਰ-ਡਿਪਟੀ ਕਮਿਸ਼ਨਰ

ਫਤਹਿਗੜ੍ਹ ਸਾਹਿਬ,

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ.ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ (ਐਸ.ਐਸ.ਆਰ.) ਦੀ ਪ੍ਰਕਿਰਿਆ ਦੀ ਸਮੀਖਿਆ ਲਈ ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਕਮਿਸ਼ਨਰ ਪਟਿਆਲਾ ਮੰਡਲ, ਪਟਿਆਲਾ ਸ੍ਰੀ ਵਿਨੈ ਬੁਬਲਾਨੀ, ਆਈ.ਏ.ਐੱਸ. ਨੂੰ ਇਲੈਕਟੋਰਲ ਰੋਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਲੈਕਟੋਰਲ ਰੋਲ ਅਬਜ਼ਰਵਰ ਵੱਲੋਂ 30 ਨਵੰਬਰ, ਦਿਨ ਸੋਮਵਾਰ ਨੂੰ ਸਵੇਰੇ 10.30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸੰਸਦ ਮੈਂਬਰ, ਵਿਧਾਇਕਾਂ ਅਤੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਕਨਵੀਨਰਾਂ ਨਾਲ ਮੀਟਿੰਗ ਕੀਤੀ ਜਾਵੇਗੀ।ਇਸ ਮੌਕੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਉਹ ਜ਼ਿਲ੍ਹੇ ਦੇ ਕੁਝ ਪੋਲਿੰਗ ਬੂਥਾਂ ਦੀ ਚੈਕਿੰਗ ਵੀ ਕਰਨਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਲੈਕਟੋਰਲ ਰੋਲ ਅਬਜ਼ਰਵਰ ਦੀ ਈਮੇਲ ਆਈ.ਡੀ. div.com.ptl@punjab.gov.in ਅਤੇ ਸੰਪਰਕ ਨੰਬਰ 0175-2970029 ਹੈ। ਵੋਟਰ ਸੂਚੀ ਵਿੱਚ ਆਪਣੀ ਵੋਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ, ਇਤਰਾਜ਼ ਜਾਂ ਸਮੱਸਿਆ ਰੱਖਣ ਵਾਲਾ ਕੋਈ ਵੀ ਵਿਅਕਤੀ ਇਲੈਕਟੋਰਲ ਰੋਲ ਅਬਜ਼ਰਵਰ ਨਾਲ ਉਕਤ ਮਿਤੀ ਨੂੰ ਮਿਲ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਦੌਰਾਨ ਆਪਣੇ ਵੋਟ ਦੇ ਅਧਿਕਾਰ ਨਾਲ ਸਬੰਧਤ ਕਿਸੇ ਵੀ ਸਮੱਸਿਆ ਜਾਂ ਇਤਰਾਜ਼ ਬਾਰੇ ਨਿਰਧਾਰਤ ਮਿਤੀ ਨੂੰ ਅਬਜ਼ਰਵਰ ਦੇ ਧਿਆਨ ਵਿੱਚ ਲਿਆਉਣ, ਤਾਂ ਜੋ ਵੋਟਰ ਸੂਚੀਆਂ ਨੂੰ ਸਹੀ ਅਤੇ ਗਲਤੀ ਰਹਿਤ ਬਣਾਉਣ ਵਿੱਚ ਸਹਿਯੋਗ ਮਿਲ ਸਕੇ।

Leave a Reply

Your email address will not be published. Required fields are marked *