ਚੋਣ ਅਬਜ਼ਰਵਰ ਸ੍ਰੀ ਹਰਪ੍ਰੀਤ ਸਿੰਘ ਜੀ, ਆਈ.ਪੀ.ਐਸ., ਡੀ.ਆਈ.ਜੀ ਵਿਜੀਲੈਂਸ-ਕਮ-ਚੋਣ ਅਬਜ਼ਰਵਰ ਫਾਜ਼ਿਲਕਾ ਵੱਲੋਂ ਸਥਾਨਕ ਸਰਕਾਰਾਂ ਦੀਆਂ ਅਗਾਮੀ ਚੋਣਾਂ ਨੂੰ ਨਿਰਪੱਖਤਾ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਫਾਜ਼ਿਲਕਾ ਪੁਲਿਸ ਨਾਲ ਸਮੀਖਿਆ ਮੀਟਿੰਗ ਕੀਤੀ ਗਈ

ਅਗਾਮੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ, ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਦੇ ਮੱਦੇਨਜ਼ਰ ਅੱਜ ਸ੍ਰੀ ਹਰਪ੍ਰੀਤ ਸਿੰਘ ਜੀ, ਆਈ.ਪੀ.ਐਸ., ਡੀ.ਆਈ.ਜੀ ਵਿਜੀਲੈਂਸ-ਕਮ-ਚੋਣ ਅਬਜ਼ਰਵਰ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗਗਨ ਅਜੀਤ ਸਿੰਘ ਪੀ.ਪੀ.ਐਸ ਜੀ ਦੀ ਮੌਜੂਦਗੀ ਵਿੱਚ ਪੁਲਿਸ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ ਗਈ। ਇਸ  ਬੈਠਕ ਵਿੱਚ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਫਸਰਾਂ, ਐਸ.ਐਚ.ਓਜ਼ , ਵੱਖ-ਵੱਖ ਵਿੰਗਾਂ ਦੇ ਇੰਚਾਰਜਾਂ ਅਤੇ ਚੌਂਕੀ ਮੁਖੀਆਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੌਰਾਨ ਚੋਣਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ ਮੌਜੂਦਾ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ।

ਸੰਵੇਦਨਸ਼ੀਲ ਇਲਾਕਿਆਂ ਦੀ ਨਿਸ਼ਾਨਦੇਹੀ: ਜ਼ਿਲ੍ਹੇ ਅੰਦਰ ਪੈਂਦੇ ਸੰਵੇਦਨਸ਼ੀਲ (Sensitive) ਅਤੇ ਅਤਿ-ਸੰਵੇਦਨਸ਼ੀਲ (Hyper-sensitive) ਇਲਾਕਿਆਂ ਅਤੇ ਪੋਲਿੰਗ ਸਟੇਸ਼ਨਾਂ ਦੀ ਵਿਸ਼ੇਸ਼ ਪਹਿਚਾਣ ਕਰਕੇ ਉੱਥੇ ਵਾਧੂ ਫੋਰਸ ਤਾਇਨਾਤ ਕਰਨ ਦੀ ਯੋਜਨਾ ਬਣਾਈ ਗਈ।

ਸੁਰੱਖਿਆ ਦੇ ਪੁਖ਼ਤਾ ਪ੍ਰਬੰਧ: ਚੋਣਾਂ ਦੌਰਾਨ ਅਮਨ-ਚੈਨ ਕਾਇਮ ਰੱਖਣ ਲਈ ਦਿਨ-ਰਾਤ ਦੀ ਪੈਟਰੋਲਿੰਗ, ਹਾਈ-ਟੈਕ ਨਾਕਾਬੰਦੀ, ਅਤੇ ਗੁਆਂਢੀ ਰਾਜਾਂ/ਜ਼ਿਲ੍ਹਿਆਂ ਨਾਲ ਲੱਗਦੀਆਂ ਸਰਹੱਦਾਂ ‘ਤੇ ‘ਇੰਟਰ-ਸਟੇਟ ਅਤੇ ਇੰਟਰ ਡਿਸਟ੍ਰਿਕਟ ਨਾਕਾ ਚੈਕਿੰਗ’ (Inter-State and Inter District naaka Checking) ਨੂੰ ਹੋਰ ਸਖ਼ਤ ਕਰਨ ਦੇ ਆਦੇਸ਼ ਦਿੱਤੇ ਗਏ।
ਫਲੈਗ ਮਾਰਚ ਅਤੇ ਪੈਦਲ ਗਸ਼ਤ: ਆਮ ਜਨਤਾ ਅਤੇ ਵੋਟਰਾਂ ਦੇ ਮਨਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਹਿਰਾਂ, ਕਸਬਿਆਂ ਅਤੇ ਸੰਵੇਦਨਸ਼ੀਲ ਹਲਕਿਆਂ ਵਿੱਚ ਵੱਧ ਤੋਂ ਵੱਧ ਫਲੈਗ ਮਾਰਚ, ਨਾਕਾਬੰਦੀ ਅਤੇ ਪੈਦਲ ਗਸ਼ਤ ਕਰਨ ਦੀ ਹਦਾਇਤ ਕੀਤੀ ਗਈ।

ਸੰਪੂਰਨ ਤੌਰ ਤੇ ਅਸਲਾ ਜਮ੍ਹਾਂ ਕਰਾਉਣ ਦੀ ਕੀਤੀ ਹਦਾਇਤ: ਚੋਣ ਅਬਜਰਵਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਚੋਣਾਂ ਵਾਲੇ ਇਲਾਕਿਆਂ ਵਿੱਚ ਅਗਲੇ 24 ਘੰਟਿਆਂ ਅੰਦਰ 100 ਪ੍ਰਤੀਸ਼ਤ ਅਸਲਾ ਜਮਾਂ ਕਰਾਉਣਾ ਯਕੀਨੀ ਬਣਾਉਣ।

ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਰਹੇਗੀ ਤਿੱਖੀ ਨਜ਼ਰ: ਚੋਣ ਅਬਜ਼ਰਵਰ ਸ੍ਰੀ ਹਰਪ੍ਰੀਤ ਸਿੰਘ  ਵੱਲੋਂ ਸਮੂਹ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਛੋਟੀ-ਵੱਡੀ ਗਤੀਵਿਧੀ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇ। ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ, ਡਰਾਉਣ-ਧਮਕਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀ ਵਿੱਚ ਸ਼ਾਮਲ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 ਫਾਜ਼ਿਲਕਾ ਪੁਲਿਸ ਅਗਾਮੀ ਨਗਰ  ਨਿਗਮ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਅਤੇ ਡਰ-ਰਹਿਤ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਜ਼ਿਲ੍ਹੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

 ਫਾਜ਼ਿਲਕਾ ਪੁਲਿਸ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਕੀਮਤੀ ਵੋਟ ਦੇ ਅਧਿਕਾਰ ਦਾ ਨਿਰਭੀਕ ਹੋ ਕੇ ਪ੍ਰਯੋਗ ਕਰਨ ਅਤੇ ਸ਼ਾਂਤੀਪੂਰਨ ਢੰਗ ਨਾਲ ਨਗਰ ਕੌਂਸਲ ਚੋਣਾਂ ਵਿੱਚ ਭਾਗ ਲੈਣ।

Leave a Reply

Your email address will not be published. Required fields are marked *