ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਦੀਆਂ ਡਰਾਫਟ ਵੋਟਰ ਸੂਚੀਆਂ ਜਾਰੀ-ਡੀ ਸੀ

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਦੇ ਆਧਾਰ ਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ 054 ਬੱਸੀ ਪਠਾਣਾਂ (ਅ.ਜ.), 055 ਫਤਿਹਗੜ੍ਹ ਸਾਹਿਬ ਅਤੇ 056 ਅਮਲੋਹ ਦੇ ਪੋਲਿੰਗ ਸਟੇਸ਼ਨਾਂ ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ – ਕਮ- ਜ਼ਿਲ੍ਹਾ ਚੋਣ ਅਫਸਰ ਡਾ ਸੋਨਾ ਥਿੰਦ ਨੇ ਫੋਟੋ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਸੰਬੰਧੀ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ।

ਮੀਟਿੰਗ ਦੌਰਾਨ ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜਨ ਦੌਰਾਨ ਐਨੂਮਰੇਸ਼ਨ ਫਾਰਮ ਡਿਜੀਟਾਈਜ਼ ਕਰਨ ਤੋਂ ਬਾਅਦ ਜ਼ਿਲ੍ਹੇ ਵਿੱਚ 4 ਲੱਖ 21 ਹਜ਼ਾਰ 641 ਵੋਟਰ ਰਹਿ ਗਏ ਹਨ। ਓਹਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਐਸ.ਆਈ.ਆਰ.- 2026 ਦੀ ਅਗਲੀ ਕਾਰਵਾਈ, ਡਰਾਫਟ ਵੋਟਰ ਸੂਚੀ ਦੇ ਪ੍ਰਕਾਸ਼ਨ, ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦੀ ਪ੍ਰਕਿਰਿਆ ਅਤੇ ਨਿਰਧਾਰਤ ਸਮਾਂ-ਸਾਰਣੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ 13 ਅਗਸਤ ਤੋਂ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਦਾਅਵੇ ਅਤੇ ਇਤਰਾਜ਼ ਦੇ ਨਿਪਟਾਰੇ ਸਬੰਧੀ ਨੋਟਿਸ 13 ਅਗਸਤ ਤੋਂ 08 ਅਕਤੂਬਰ ਤੱਕ ਜਾਰੀ ਕਰਕੇ ਅੰਤਿਮ ਪ੍ਰਕਾਸ਼ਨਾਂ 12 ਅਕਤੂਬਰ 2026 ਨੂੰ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ 16 ਅਗਸਤ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਜ਼ਿਲ੍ਹੇ ਦੇ ਸਾਰੇ 573 ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ । ਕੈਂਪ ਵਾਲੇ ਦਿਨ ਬੀ.ਐਲ.ਓ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਤੇ ਡਰਾਫਟ ਵੋਟਰ ਸੂਚੀ ਲੈ ਕੇ ਬੈਠਣਗੇ ਤਾਂ ਜੋ ਆਮ ਜਨਤਾ/ਵੋਟਰਾਂ ਵੱਲੋਂ ਵੋਟਰ ਸੂਚੀ ਵਿਚ ਆਪਣਾ ਨਾਮ ਚੈੱਕ ਕੀਤਾ ਜਾ ਸਕੇ

ਉਹਨਾਂ ਦੱਸਿਆ ਕਿ ਜਿਸ ਵਿਅਕਤੀ ਦੀ ਉਮਰ ਮਿਤੀ 01.10.2026 ਨੂੰ 18 ਸਾਲ ਦੀ ਹੋ ਗਈ ਹੈ, ਉਹ ਵਿਅਕਤੀ ਆਪਣੀ ਵੋਟ ਬਣਵਾ ਸਕਦਾ ਹੈ। ਉਹਨਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਨਵੀ ਰਜਿਸਟ੍ਰੇਸ਼ਨ ਲਈ ਫਾਰਮ ਨੰ. 6, ਵੋਟਰ ਸੂਚੀ ਸ਼ਾਮਲ ਹੋਣ ਲਈ ਇੱਕ ਪ੍ਰਵਾਸੀ ਭਾਰਤੀ ਵੋਟਰ (ਐਨ.ਆਰ.ਆਈ) ਲਈ ਫਾਰਮ ਨੰ.6ਏ, , ਜੇਕਰ ਕਿਸੇ ਵਿਅਕਤੀ ਨੂੰ ਆਪਣੇ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਨਾਮਾਂ ਤੇ ਇਤਰਾਜ ਹੈ ਜਾਂ ਨਾਮ ਵੋਟ ਕਟਵਾਉਣ ਲਈ ਫਾਰਮ ਨੰ.7, ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਲਈ, ਇੱਕ ਹਲਕੇ ਤੋਂ ਦੂਜੇ ਹਲਕੇ ਵਿੱਚ ਰਿਹਾਇਸ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ ਪਤਾ ਬਦਲਣ ਲਈ, ਮੌਜੂਦਾ ਹਲਕੇ ਅੰਦਰ ਰਿਹਾਇਸ ਬਦਲਣ ਕਰਕੇ ਵੋਟਰ ਸੂਚੀ ਵਿੱਚ ਦਰਜ ਪਤਾ ਬਦਲਣ ਫਾਰਮ ਨੰ. 8 ਭਰਕੇ ਦਿਤਾ ਜਾ ਸਕਦਾ ਹੈ।

ਇਹ ਫਾਰਮ ਦਫਤਰ, ਚੋਣ ਤਹਿਸੀਲਦਾਰ, ਫਤਿਹਗੜ੍ਹ ਸਾਹਿਬ ਅਤੇ ਸਬੰਧਤ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਦੇ ਦਫਤਰ ਜਾਂ ਬੂਥ ਲੈਵਲ ਅਫਸਰ (ਬੀ.ਐਲ.ਓ) ਪਾਸ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਫਾਰਮ, ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ www.nvsp.in ਜਾਂ ECINET ਮੋਬਾਇਲ ਐਪ ਰਾਹੀਂ ਆਨਲਾਈਨ ਵੀ ਭਰੇ ਜਾ ਸਕਦੇ ਹਨ।

ਓਹਨਾ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਹੈ ਕੀਤੀ ਕੇ ਉਹ ਆਪਣੇ ਬੂਥ ਲੈਵਲ ਏਜੰਟਾਂ ਨੂੰ ਡਰਾਫਟ ਵੋਟਰ ਸੂਚੀ ਬਾਰੇ ਜਾਣੂ ਕਰਵਾਉਣ । ਕੋਈ ਵੀ ਗਲਤ ਦਾਅਵਾ ਜਾਂ ਇਤਰਾਜ ਪੇਸ਼ ਨਾ ਕੀਤਾ ਜਾਵੇ। ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਾਪਤ ਹੋ ਰਹੇ ਦਾਅਵੇ ਅਤੇ ਇਤਰਾਜਾਂ ਦੀ ਸੂਚੀ ਮਿਤੀ 13.08.2026 ਤੋਂ ਹਰ ਰੋਜ ਸੀ.ਈ.ਓ. ਪੰਜਾਬ ਜੀ ਦੀ ਵੈੱਬ ਸਾਈਟ www.ceopunjab.nic.in ਤੇ ਵੇਖੀ ਜਾ ਸਕਦੀ ਹੈ ਅਤੇ ਦਸਤੀ ਕਾਪੀ ਸਬੰਧਤ ਈ.ਆਰ.ਓਜ਼ ਦੇ ਦਫ਼ਤਰ ਵੱਲੋਂ ਵੀ ਆਪ ਨੂੰ ਸਪਲਾਈ ਕੀਤੀ ਜਾਵੇਗੀ।

ਮੀਟਿੰਗ ਵਿੱਚ ਤਹਿਸੀਲਦਾਰ ਚੋਣਾਂ ਨਿਰਮਲਾ ਰਾਣੀ, ਆਮ ਆਦਮੀ ਪਾਰਟੀ ਤੋਂ ਸੰਦੀਪ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਸ਼ੋਕ ਗੌਤਮ, ਭਾਰਤੀ ਜਨਤਾ ਪਾਰਟੀ ਤੋਂ ਹਰੀਸ਼ ਅਗਰਵਾਲ, ਸ਼੍ਰੋਮਣੀ ਅਕਾਲੀ ਦਲ ਤੋਂ ਮਨਜੀਤ ਸਿੰਘ , ਬਹੁਜਨ ਸਮਾਜ ਪਾਰਟੀ ਤੋਂ ਨਾਹਰ ਸਿੰਘ ਅਤੇ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *