ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਕਿਸਾਨਾਂ ਦੀ ਸਹੂਲਤ ਤੇ ਫ਼ਸਲ ਦੀ ਸੁਚਾਰੂ ਖਰੀਦ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਹੈ ਕਿ ਝੋਨੇ ਦਾ ਇੱਕ-ਇੱਕ ਦਾਣਾ ਪਹਿਲ ਦੇ ਅਧਾਰ ‘ਤੇ ਖਰੀਦਿਆ ਜਾਵੇਗਾ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਝੋਨੇ ਦੀ ਸਰਕਾਰੀ ਖਰੀਦ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸ਼ੈਲਰ ਮਾਲਕਾਂ ਅਤੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਜਿਣਸ ਦੀ ਸੁਚੱਜੀ ਤੇ ਨਿਰਵਿਘਨ ਖਰੀਦ ਲਈ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਜਿੱਥੇ ਆੜਤੀਆਂ ਨੂੰ ਆਪਣੇ ਨਾਲ ਜੁੜੇ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਲਈ ਕਿਹਾ ਉਥੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ।

ਡਾ. ਸੋਨਾ ਥਿੰਦ ਨੇ ਦੱਸਿਆ ਕਿ ਮੰਡੀਆਂ ‘ਚ ਕਿਸਾਨ ਭਰਾਵਾਂ ਸਮੇਤ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਕਿਸਾਨਾਂ ਦੀ ਸਹੂਲਤ ਤੇ ਉਨ੍ਹਾਂ ਦੀ ਫ਼ਸਲ ਦੀ ਸੁਚਾਰੂ ਖਰੀਦ ਹੈ, ਇਸ ਲਈ ਸਮੂਹ ਆੜਤੀਏ ਝੋਨੇ ਦੇ ਸੀਜਨ ਦੌਰਾਨ ਜਿਣਸ ਦੀ ਨਿਰਵਿਘਨ ਖਰੀਦ ਲਈ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਆੜਤੀਏ ਕਿਸਾਨਾਂ ਨੂੰ ਪ੍ਰੇਰਤ ਕਰਨ ਕਿ ਉਹ ਵਾਧੂ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਾ ਲਿਆਉਣ। ਉਨ੍ਹਾਂ ਕਿਹਾ ਕਿ ਕੋਈ ਵੀ ਕੰਬਾਇਨ ਮਾਲਕ ਰਾਤ ਸਮੇਂ ਝੋਨੇ ਦੀ ਕਟਾਈ ਨਹੀਂ ਕਰੇਗਾ ਤੇ ਨਿਰਧਾਰਤ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 06 ਵਜੇ ਤੱਕ, ਦੇ ਅੰਦਰ-ਅੰਦਰ ਹੀ ਦਿਨ ਵੇਲੇ ਝੋਨੇ ਦੀ ਕਟਾਈ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਆੜਤੀਆਂ ਵੱਲੋਂ ਮੰਡੀਆਂ ਸਮੇਤ ਹੋਰ ਮਸਲੇ ਸੁਣਕੇ ਉਨ੍ਹਾਂ ਦੇ ਹੱਲ ਲਈ ਭਰੋਸਾ ਦਿੱਤਾ ਅਤੇ ਪਿਛਲੇ ਸੀਜਨ ‘ਚ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫ਼ਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਹਰੇਕ ਮੰਡੀ ‘ਚ ਸਾਫ਼ ਸਫ਼ਾਈ, ਨਮੀ ਚੈਕ ਕਰਨ ਵਾਲੇ ਮੀਟਰਾਂ ਦੀ ਕੈਲੀਬ੍ਰੇਸ਼ਨ, ਬਾਰਦਾਨੇ, ਢੋਆ-ਢੋਆਈ, ਲੇਬਰ, ਕਿਸਾਨਾਂ ਲਈ ਪੀਣ ਵਾਲੇ ਪਾਣੀ ਤੇ ਟੁਆਇਲਟਸ, ਸੁਰੱਖਿਆ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਕਿ ਮੰਡੀਆਂ ‘ਚ ਕੋਈ ਪ੍ਰੇਸ਼ਾਨੀ ਨਾ ਆਵੇ ਤਾਂ ਕਿ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਤੁਰੰਤ ਖਰੀਦ ਲਈ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ ਤੇ ਪਰਾਲੀ ਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਬਚਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ)ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ.ਫਤਹਿਗੜ੍ਹ ਸਾਹਿਬ ਕਰੁਣ ਗੁਪਤਾ, ਐਸ.ਡੀ.ਐਮ. ਬਸੀ ਪਠਾਣਾ ਦੀਪਜੋਤ ਕੌਰ, ਐਸ.ਡੀ.ਐਮ. ਅਮਲੋਹ ਹਰਵੀਰ ਕੌਰ, ਐਸ.ਡੀ.ਐਮ. ਖਮਾਣੋਂ ਅਰਵਿੰਦ ਕੁਮਾਰ ਗੁਪਤਾ, ਮੁੱਖ ਖੇਤੀਬਾੜ੍ਹੀ ਅਫਸਰ ਜਗਦੇਵ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ ਮੀਨਾਕਸੀ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਜਸਪ੍ਰੀਤ ਕੌਰ,ਪ੍ਰਧਾਨ ਆੜ੍ਹਤੀ ਐਸ਼ੋਸੀਏਸ਼ਨ ਸਾਧੂ ਰਾਮ ਭੱਟਮਾਜਰਾ, ਤਰਸੇਮ ਲਾਲ ਉੱਪਲ, ਕੇਵਲ ਸਿੰਘ ਭੁੱਲਰ, ਰਾਜੇਸ਼ ਉੱਪਲ, ਕੁਲਦੀਪ ਸਿੰਘ ਸੌਂਢਾ ਸਮੇਤ ਆੜਤੀਆ ਐਸੋਸੀਏਸ਼ਨਾਂ ਦੇ ਪ੍ਰਧਾਨ ਤੇ ਹੋਰ ਨੁਮਾਇੰਦੇ ਵੀ ਪੁੱਜੇ ਹੋਏ ਸਨ।

Leave a Reply

Your email address will not be published. Required fields are marked *