ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਕਾਇਆ ਮੰਗਾਂ ਦੇ ਹੱਲ ਲਈ ਆਈ.ਟੀ.ਆਈ. ਇੰਸਟ੍ਰਕਟਰਾਂ ਅਤੇ ਪਨਬੱਸ/ਪੀ.ਆਰ.ਟੀ.ਸੀ. ਯੂਨੀਅਨਾਂ ਨਾਲ ਅਹਿਮ ਮੀਟਿੰਗਾਂ

ਸੂਬਾ ਸਰਕਾਰ ਦੇ ਮੁਲਾਜ਼ਮਾਂ ਅਤੇ ਠੇਕਾ ਅਧਾਰਤ ਸਟਾਫ਼ ਦੀਆਂ ਸ਼ਿਕਾਇਤਾਂ ਤੇ ਸੇਵਾ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਪੰਜਾਬ ਦੇ ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ, ਜੋ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਮੁਖੀ ਵੀ ਹਨ, ਨੇ ਅੱਜ ਵੱਖ-ਵੱਖ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਦੇ ਨੁਮਾਇੰਦਿਆਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ।

ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਦੌਰਾਨ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 15 ਅਕਤੂਬਰ ਤੱਕ ਠੇਕਾ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਬੋਰਡ ਆਫ਼ ਡਾਇਰੈਕਟਰਜ਼ (ਬੀ.ਓ.ਡੀ.) ਦੀ ਮੀਟਿੰਗ ਬਿਨਾਂ ਕਿਸੇ ਦੇਰੀ ਸੱਦੀ ਜਾਵੇ ਤਾਂ ਜੋ ਬੋਰਡ ਦੀ ਪ੍ਰਵਾਨਗੀ ਦੀ ਲੋੜ ਵਾਲੇ ਮਾਮਲਿਆਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾ ਸਕੇ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪਨਬੱਸ/ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ 15 ਅਕਤੂਬਰ ਤੱਕ ਹੱਲ ਕੀਤਾ ਜਾਵੇ। ਟਰਾਂਸਪੋਰਟ ਵਿਭਾਗ ਬਿਨਾਂ ਕਿਸੇ ਦੇਰੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵੀ ਸੱਦੇ ਤਾਂ ਜੋ ਬੋਰਡ ਦੀ ਸਹਿਮਤੀ ਲੋੜੀਂਦੇ ਮਾਮਲਿਆਂ ਨੂੰ ਤੁਰੰਤ ਪ੍ਰਵਾਨਗੀ ਮਿਲ ਸਕੇ।”

ਸਰਕਾਰੀ ਆਈ.ਟੀ.ਆਈ. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਆਲ ਪੰਜਾਬ ਡੀ.ਐਸ.ਟੀ./ਸੀ.ਟੀ.ਐਸ. ਕੰਟਰੈਕਟ ਇੰਸਟ੍ਰਕਟਰ ਯੂਨੀਅਨ ਦੇ ਵਫ਼ਦਾਂ ਸਮੇਤ ਸਰਕਾਰੀ ਆਈ.ਟੀ.ਆਈ. ਠੇਕਾ ਮੁਲਾਜ਼ਮਾਂ ਦੇ ਨੁਮਾਇੰਦਿਆਂ ਨਾਲ ਇੱਕ ਵੱਖਰੀ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਉਨ੍ਹਾਂ ਦੇ ਮੰਗ ਪੱਤਰਾਂ ਦੀ ਸਮੀਖਿਆ ਕੀਤੀ। ਯੂਨੀਅਨਾਂ ਨੇ ਗੈਸਟ ਫੈਕਲਟੀ ਅਤੇ ਕੰਟਰੈਕਟ ਇੰਸਟ੍ਰਕਟਰਾਂ ਵਜੋਂ ਆਪਣੀ ਲੰਮੀ ਸੇਵਾ ਦਾ ਹਵਾਲਾ ਦਿੰਦਿਆਂ 58 ਸਾਲ ਦੀ ਉਮਰ ਤੱਕ ਸੇਵਾ ਸੁਰੱਖਿਆ ਅਤੇ ਢੁਕਵੇਂ ਮਿਹਨਤਾਨੇ ਤੇ ਤਨਖਾਹ ਵਾਧੇ ਨਾਲ ਸਬੰਧਤ ਚਿੰਤਾਵਾਂ ਉਠਾਈਆਂ।

ਉਨ੍ਹਾਂ ਦੇ ਮਸਲਿਆਂ ‘ਤੇ ਗੌਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਸਰਕਾਰੀ ਆਈ.ਟੀ.ਆਈ. ਠੇਕਾ ਮੁਲਾਜ਼ਮਾਂ ਦੀ 58 ਸਾਲ ਦੀ ਉਮਰ ਤੱਕ ਸੇਵਾ ਸੁਰੱਖਿਆ, ਵਾਜਬ ਮਿਹਨਤਾਨੇ ਅਤੇ ਤਨਖਾਹ ਵਾਧੇ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਦੀ ਘੋਖ ਦੌਰਾਨ ਗੈਸਟ ਫੈਕਲਟੀ ਅਤੇ ਠੇਕਾ ਇੰਸਟ੍ਰਕਟਰਾਂ ਵਜੋਂ ਠੇਕਾ ਮੁਲਾਜ਼ਮਾ ਦੀ ਲੰਮੀ ਸੇਵਾ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।”
ਉਨ੍ਹਾਂ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਮੁਨੀਸ਼ ਕੁਮਾਰ ਨੂੰ ਆਈ.ਟੀ.ਆਈ. ਇੰਸਟ੍ਰਕਟਰਾਂ ਦੀ ਤਨਖਾਹ ਵਾਧੇ ਦਾ ਰਸਮੀ ਪ੍ਰਸਤਾਵ ਤਿਆਰ ਕਰਕੇ ਜਲਦ ਤੋਂ ਜਲਦ ਵਿੱਤ ਵਿਭਾਗ ਨੂੰ ਸੌਂਪਣ ਦੇ ਨਿਰਦੇਸ਼ ਵੀ ਦਿੱਤੇ। ਟਰਾਂਸਪੋਰਟ ਮੰਤਰੀ ਨੇ ਕਿਹਾ, “ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਮੁਨੀਸ਼ ਕੁਮਾਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਈ.ਟੀ.ਆਈ. ਇੰਸਟ੍ਰਕਟਰਾਂ ਦੇ ਤਨਖਾਹ ਵਾਧੇ ਦਾ ਰਸਮੀ ਪ੍ਰਸਤਾਵ ਜਲਦ ਵਿੱਤ ਵਿਭਾਗ ਨੂੰ ਭੇਜਣ, ਤਾਂ ਜੋ ਇਸ ਮਾਮਲੇ ‘ਤੇ ਵਿਚਾਰ ਕਰਕੇ ਇਸ ਦਾ ਤੁਰੰਤ ਹੱਲ ਕੱਢਿਆ ਜਾ ਸਕੇ।”

‘ਆਪ’ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ, “ਭਗਵੰਤ ਸਿੰਘ ਮਾਨ ਸਰਕਾਰ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਯੂਨੀਅਨਾਂ ਨਾਲ ਨਿਰੰਤਰ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਅਸਲ ਮੁੱਦਿਆਂ ਅਤੇ ਮੰਗਾਂ ਦਾ ਹਮਦਰਦੀ ਨਾਲ ਫੌਰੀ ਅਤੇ ਸੁਚਾਰੂ ਹੱਲ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਾਇਜ਼ ਮੰਗਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਗੱਲਬਾਤ ਜਾਰੀ ਰੱਖੇਗੀ।”

ਇਨ੍ਹਾਂ ਮੀਟਿੰਗਾਂ ਦੌਰਾਨ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਵੱਲੋਂ ਰੇਸ਼ਮ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਹਰਕੇਸ਼ ਕੁਮਾਰ, ਰੋਹੀ ਰਾਮ-ਬਲਜੀਤ ਸਿੰਘ, ਬਲਵਿੰਦਰ ਸਿੰਘ ਰੱਠ, ਜਗਜੀਤ ਸਿੰਘ ਅਤੇ ਜਤਿੰਦਰ ਸਿੰਘ; ਸਰਕਾਰੀ ਆਈ.ਟੀ.ਆਈ. ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸੇਵਾ ਸਿੰਘ, ਸੁਖਰਾਜ ਸਿੰਘ, ਨਵਨੀਤ ਸਿੰਘ ਅਤੇ ਰਾਜਿੰਦਰ ਸਿੰਘ; ਅਤੇ ਆਲ ਪੰਜਾਬ ਡੀ.ਐਸ.ਟੀ./ਸੀ.ਟੀ.ਐਸ. ਕੰਟਰੈਕਟ ਇੰਸਟ੍ਰਕਟਰ ਯੂਨੀਅਨ ਵੱਲੋਂ ਕਿਰਨਦੀਪ ਸਿੰਘ ਰੁਪਾਣਾ, ਪ੍ਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਪਣਾ ਪੱਖ ਰੱਖਿਆ।

Leave a Reply

Your email address will not be published. Required fields are marked *