ਜ਼ਮੀਨੀ ਪੱਧਰ ‘ਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਲੋਕ-ਪੱਖੀ ਸ਼ਾਸਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਭਗਵੰਤ ਮਾਨ ਸਰਕਾਰ ਸੂਬੇ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿੱਚ 100 ਸਵੈ-ਸਹਾਇਤਾ ਸਮੂਹਾਂ (ਐਸ ਐਚ ਜੀ) ਦੁਆਰਾ ਸੰਚਾਲਿਤ ਕੰਟੀਨਾਂ ਸ਼ੁਰੂ ਕਰ ਰਹੀ ਹੈ। ਇਸ ਉਪਰਾਲੇ ਦਾ ਉਦੇਸ਼ ਪੇਂਡੂ ਔਰਤਾਂ ਲਈ ਰੁਜ਼ਗਾਰ ਦੇ ਟਿਕਾਊ ਮੌਕੇ ਪੈਦਾ ਕਰਨਾ ਹੈ ਅਤੇ ਨਾਲ ਹੀ ਆਮ ਨਾਗਰਿਕਾਂ ਨੂੰ ਸਸਤਾ, ਸਾਫ਼-ਸੁਥਰਾ, ਘਰ ਵਰਗਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਮਹਿਲਾ ਦਿਵਸ ਸਮਾਗਮਾਂ ਦੌਰਾਨ ਕੀਤਾ ਗਿਆ ਇੱਕ ਅਹਿਮ ਵਾਅਦਾ ਪੂਰਾ ਹੁੰਦਾ ਹੈ।
ਇਸ ਇਤਿਹਾਸਕ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਪਹਿਲਕਦਮੀ ਦੇ ਵਿਆਪਕ ਵੇਰਵੇ ਸਾਂਝੇ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਸੂਬਾ ਪੱਧਰੀ ਇਹ ਪਹਿਲਕਦਮੀ ਸਮਾਜਿਕ-ਆਰਥਿਕ ਤਬਦੀਲੀ ਦੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰੇਗੀ। ਸੂਬਾ ਸਰਕਾਰ ਅਤੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਪੰਜਾਬ ਰੋਡਵੇਜ਼ ਦੇ ਬੱਸ ਸਟੈਂਡਾਂ, ਤਹਿਸੀਲਾਂ, ਡੀ.ਸੀ. ਅਤੇ ਐਮ.ਸੀ. ਦਫ਼ਤਰਾਂ, ਵਿਭਾਗੀ ਹੈੱਡਕੁਆਰਟਰਾਂ ਅਤੇ ਸੂਬੇ ਭਰ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿੱਚ 100 ਐਸ.ਐਚ.ਜੀ ਸੰਚਾਲਿਤ ਕੰਟੀਨਾਂ ਸਥਾਪਤ ਕਰ ਰਹੇ ਹਨ।”
ਸਵੈ-ਸਹਾਇਤਾ ਸਮੂਹਾਂ ਨੂੰ ਦਿੱਤੀ ਜਾ ਰਹੀ ਸੰਚਾਲਨ ਸਹਾਇਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ, “ਇਨ੍ਹਾਂ ਕੰਟੀਨਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਸਰਕਾਰੀ ਦਫ਼ਤਰਾਂ ਵਿੱਚ ਮੁਫ਼ਤ ਜਗ੍ਹਾ, ਬਿਜਲੀ ਅਤੇ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇਨ੍ਹਾਂ ਯੂਨਿਟਾਂ ਦੇ ਸੁਚਾਰੂ ਕੰਮਕਾਜ ਦੀ ਸਹੂਲਤ ਲਈ ਰਸੋਈ ਦਾ ਸਮਾਨ ਅਤੇ ਬਰਤਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ।”
ਹੁਨਰ ਵਿਕਾਸ ਅਤੇ ਗੁਣਵੱਤਾ ‘ਤੇ ਧਿਆਨ ਕੇਂਦਰਿਤ ਕਰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਪੀ.ਐਸ.ਆਰ.ਐਲ.ਐਮ ਵੱਲੋਂ ਐਸ.ਐਚ.ਜੀ ਮੈਂਬਰਾਂ ਨੂੰ 7 ਤੋਂ 10 ਦਿਨਾਂ ਦੀ ਪੇਸ਼ੇਵਰ ਰਸੋਈ ਅਤੇ ਕੰਟੀਨ ਪ੍ਰਬੰਧਨ ਸਿਖਲਾਈ ਪ੍ਰਦਾਨ ਕਰਨ ਲਈ ਜ਼ਿਲ੍ਹੇ ਦੇ ਹੋਟਲ ਮੈਨੇਜਮੈਂਟ ਕਾਲਜਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਅਸੀਂ ਵਿੱਤ-ਤੇ-ਯੋਜਨਾ ਭਵਨ, ਸੈਕਟਰ 33, ਚੰਡੀਗੜ੍ਹ ਵਿਖੇ ਇੱਕ ਪਾਇਲਟ ਕੰਟੀਨ ਰਾਹੀਂ ਇਸ ਮਾਡਲ ਦੀ ਸਫ਼ਲਤਾ ਪਹਿਲਾਂ ਹੀ ਦੇਖ ਚੁੱਕੇ ਹਾਂ। ਮੋਹਾਲੀ-ਅਧਾਰਤ ਐਸ.ਐਚ.ਜੀਜ਼ ਦੀਆਂ ਔਰਤਾਂ ਦੁਆਰਾ ਚਲਾਈ ਜਾ ਰਹੀ ਇਹ ਕੰਟੀਨ ਸਫ਼ਲਤਾਪੂਰਵਕ ਤਾਜ਼ਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ 26-ਆਈਟਮਾਂ ਵਾਲਾ ਮੀਨੂ ਪਰੋਸ ਰਹੀ ਹੈ।”
ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਸ ਪਹਿਲਕਦਮੀ ਦਾ 100 ਥਾਵਾਂ ‘ਤੇ ਵਿਸਥਾਰ ਕਰਕੇ, ਅਸੀਂ ਪੂਰੇ ਪੰਜਾਬ ਦੀਆਂ ਪੇਂਡੂ ਔਰਤਾਂ ਲਈ ਰੁਜ਼ਗਾਰ ਦਾ ਇੱਕ ਟਿਕਾਊ ਈਕੋਸਿਸਟਮ ਬਣਾ ਰਹੇ ਹਾਂ। ਇਹ ਹਜ਼ਾਰਾਂ ਔਰਤਾਂ ਲਈ ਸਨਮਾਨਜਨਕ ਅਤੇ ਨਿਯਮਤ ਰੁਜ਼ਗਾਰ ਸੁਰੱਖਿਅਤ ਕਰੇਗਾ ਅਤੇ ਨਾਲ ਹੀ ਇਹ ਯਕੀਨੀ ਬਣਾਏਗਾ ਕਿ ਲੱਖਾਂ ਆਮ ਨਾਗਰਿਕਾਂ ਦੀ ਸਸਤੇ ਅਤੇ ਪੌਸ਼ਟਿਕ ਭੋਜਨ ਤੱਕ ਪਹੁੰਚ ਹੋਵੇ।”
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਸੀ.ਐਸ. (ਵਿੱਤ) ਆਲੋਕ ਸ਼ੇਖਰ, ਸਕੱਤਰ (ਪੇਂਡੂ ਵਿਕਾਸ) ਅਰਸ਼ਦੀਪ ਥਿੰਦ,ਜੇ.ਡੀ.ਸੀ. (ਪੇਂਡੂ ਵਿਕਾਸ) ਸ਼ੀਨਾ ਅਗਰਵਾਲ, ਡਾਇਰੈਕਟਰ (ਖਜ਼ਾਨਾ ਅਤੇ ਲੇਖਾ) ਅਰਵਿੰਦ ਕੁਮਾਰ ਐਮ.ਕੇ., ਏ.ਸੀ.ਈ.ਓ. (ਪੇਂਡੂ ਵਿਕਾਸ) ਰੁਪਾਲੀ ਟੰਡਨ, ਅਤੇ ਮੈਂਬਰ (ਪੀ.ਡੀ.ਸੀ.) ਵੈਭਵ ਮਹੇਸ਼ਵਰੀ ਵੀ ਹਾਜ਼ਰ ਸਨ।