ਕਿਸਾਨਾਂ ਨੂੰ ਕੁਦਰਤੀ ਖੇਤੀ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਅਤੇ ਟਿਕਾਊ ਖੇਤੀਬਾੜੀ ਤਰੀਕਿਆਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫਾਜ਼ਿਲਕਾ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ – ਕੇਂਦਰੀ ਕਟਾਈ ਉਪਰੰਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾਨ (ਆਈ.ਸੀ.ਏ.ਆਰ.-ਸੀਫੇਟ), ਖੇਤਰੀ ਕੇਂਦਰ, ਅਬੋਹਰ ਵੱਲੋਂ 22 ਅਕਤੂਬਰ ਤੋਂ 17 ਨਵੰਬਰ 2026 ਤੱਕ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ‘ਖੇਤ ਬਚਾਓ ਮੁਹਿੰਮ – ਹਾੜੀ ਸੀਜ਼ਨ 2026-27’ ਚਲਾਈ ਗਈ।
ਇਸ ਮੁਹਿੰਮ ਤਹਿਤ ਕੇ.ਵੀ.ਕੇ. ਦੀ ਵਿਗਿਆਨਕ ਅਤੇ ਤਕਨੀਕੀ ਟੀਮ ਨੇ 47 ਪਿੰਡਾਂ ਵਿੱਚ 45 ਜਾਗਰੂਕਤਾ ਪ੍ਰੋਗਰਾਮ ਕਰਵਾਏ, ਜਿਨ੍ਹਾਂ ਵਿੱਚ 3,275 ਕਿਸਾਨਾਂ ਅਤੇ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ 23 ਸਿਖਲਾਈ ਪ੍ਰੋਗਰਾਮਾਂ ਰਾਹੀਂ 1,202 ਕਿਸਾਨਾਂ ਅਤੇ ਭਾਗੀਦਾਰਾਂ ਨੂੰ ਵਿਗਿਆਨਕ ਖੇਤੀਬਾੜੀ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ।
ਇਸ ਮੁਹਿੰਮ ਦੌਰਾਨ ਕੁਦਰਤੀ ਖੇਤੀ ਨੂੰ ਖ਼ਾਸ ਤਰਜੀਹ ਦਿੱਤੀ ਗਈ। ਕਿਸਾਨਾਂ ਨੂੰ ਜੀਵਾਮ੍ਰਿਤ, ਬੀਜਾਮ੍ਰਿਤ, ਘਨਜੀਵਾਮ੍ਰਿਤ ਅਤੇ ਨੀਮਾਸਤਰ ਵਰਗੇ ਕੁਦਰਤੀ ਜੈਵਿਕ ਤੱਤਾਂ ਦੀ ਤਿਆਰੀ ਅਤੇ ਵਰਤੋਂ, ਮਿੱਟੀ ਦੀ ਸਿਹਤ ਸੰਭਾਲ ਅਤੇ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ‘ਤੇ ਨਿਰਭਰਤਾ ਘਟਾਉਣ ਬਾਰੇ ਜਾਣਕਾਰੀ ਦਿੱਤੀ ਗਈ। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਬਾਇਓ-ਐਨ.ਪੀ.ਕੇ. ਅਤੇ ਬਾਇਓ-ਜ਼ਿੰਕ ਵੀ ਵੰਡੇ ਗਏ।

ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਅਤੇ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਮਲਚਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਕੁਦਰਤੀ ਖੇਤੀ ਅਤੇ ਫ਼ੂਡ ਪ੍ਰੋਸੈਸਿੰਗ ਨਾਲ ਸਬੰਧਤ 7,000 ਤੋਂ ਵੱਧ ਤਕਨੀਕੀ ਸਾਹਿਤ ਅਤੇ ਫੋਲਡਰ ਵੰਡੇ ਗਏ।
ਤੇਲ ਬੀਜਾਂ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਸੀ.ਐਫ.ਐਲ.ਡੀ. ਪ੍ਰੋਗਰਾਮ ਤਹਿਤ 25 ਕਿਸਾਨਾਂ ਨੂੰ 25 ਏਕੜ ਵਿੱਚ ਸਰ੍ਹੋਂ ਦੀ ਬਿਜਾਈ ਲਈ ਪ੍ਰਮਾਣਿਤ ਬੀਜ ਅਤੇ ਲੋੜੀਂਦੀ ਖੇਤੀ ਸਮੱਗਰੀ ਵੰਡੀ ਗਈ ਸੋਸ਼ਲ ਮੀਡੀਆ ਰਾਹੀਂ ਵੀ 34,205 ਲੋਕਾਂ ਤੱਕ ਮੁਹਿੰਮ ਦਾ ਸੁਨੇਹਾ ਪਹੁੰਚਾਇਆ ਗਿਆ।
ਡਾ. ਅਰਵਿੰਦ ਕੁਮਾਰ ਅਹਲਾਵਤ, ਮੁਖੀ, ਕੇ.ਵੀ.ਕੇ. ਫਾਜ਼ਿਲਕਾ ਦੀ ਅਗਵਾਈ ਵਿੱਚ ਕੇ.ਵੀ.ਕੇ. ਟੀਮ ਨੇ ਪਿੰਡ-ਪਿੰਡ ਪਹੁੰਚ ਕੇ ਕਿਸਾਨਾਂ ਨੂੰ ਵਿਗਿਆਨਕ ਅਤੇ ਵਾਤਾਵਰਣ-ਪੱਖੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਕੇ.ਵੀ.ਕੇ. ਦਾ ਮਕਸਦ ਸਿਹਤਮੰਦ ਮਿੱਟੀ, ਸਾਫ਼ ਵਾਤਾਵਰਣ, ਕੁਦਰਤੀ ਖੇਤੀ ਅਤੇ ਖੁਸ਼ਹਾਲ ਕਿਸਾਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਨਾ ਹੈ।
ਮੁਹਿੰਮ ਦਾ ਸੁਨੇਹਾ ਸਪੱਸ਼ਟ ਹੈ—ਸਿਹਤਮੰਦ ਮਿੱਟੀ, ਸਾਫ਼ ਵਾਤਾਵਰਣ, ਕੁਦਰਤੀ ਖੇਤੀ ਅਤੇ ਖੁਸ਼ਹਾਲ ਕਿਸਾਨ ਹੀ ਟਿਕਾਊ ਖੇਤੀਬਾੜੀ ਦਾ ਆਧਾਰ ਹਨ।