ਲੁਧਿਆਣਾ : ਅੰਬੇਡਕਰ ਦਾ ਸਨਮਾਨ ਤਸਵੀਰਾਂ ਅਤੇ ਨਾਅਰਿਆਂ ਨਾਲ ਨਹੀਂ, ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਅਮਲ ਵਿੱਚ ਲਾਗੂ ਕਰਨ ਨਾਲ ਹੋਵੇਗਾ: ਐਸ. ਆਰ. ਲੱਧੜ

ਸਾਬਕਾ ਆਈ.ਏ.ਐਸ. ਅਧਿਕਾਰੀ ਐਸ. ਆਰ. ਲੱਧੜ ਨੇ ਕਿਹਾ ਕਿ ਡਾ. ਬੀ. ਆਰ. ਅੰਬੇਡਕਰ ਦੇ ਨਾਂ ਅਤੇ ਤਸਵੀਰਾਂ ਦੀ ਵਰਤੋਂ ਸਿਆਸੀ ਰੈਲੀਆਂ, ਚੋਣ ਪ੍ਰਚਾਰ ਅਤੇ ਸਰਕਾਰੀ ਤੇ ਸਿਆਸੀ ਦਫ਼ਤਰਾਂ ਵਿੱਚ ਲਗਾਤਾਰ ਵਧ ਰਹੀ ਹੈ, ਪਰ ਇਸ ਦੇ ਨਾਲ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਕੀ ਉਨ੍ਹਾਂ ਦੇ ਵਿਚਾਰਾਂ ਨੂੰ ਅਸਲ ਜੀਵਨ ਅਤੇ ਪ੍ਰਸ਼ਾਸਨ ਵਿੱਚ ਵੀ ਅਪਣਾਇਆ ਜਾ ਰਿਹਾ ਹੈ?

ਉਨ੍ਹਾਂ ਕਿਹਾ ਕਿ ਕਿਸੇ ਸਰਕਾਰੀ ਦਫ਼ਤਰ ਵਿੱਚ ਅੰਬੇਡਕਰ ਦੀ ਤਸਵੀਰ ਲਗਾਉਣ ਦਾ ਅਸਲ ਮਹੱਤਵ ਉਦੋਂ ਹੀ ਹੈ, ਜਦੋਂ ਉੱਥੇ ਕੰਮ ਕਰਨ ਵਾਲਾ ਪ੍ਰਸ਼ਾਸਨ ਹਰ ਨਾਗਰਿਕ ਨੂੰ ਬਿਨਾਂ ਕਿਸੇ ਜਾਤੀ ਜਾਂ ਸਮਾਜਿਕ ਵਿਤਕਰੇ ਦੇ ਨਿਆਂ ਅਤੇ ਬਰਾਬਰ ਅਧਿਕਾਰ ਦੇਵੇ। ਤਸਵੀਰਾਂ ਲਗਾਉਣ ਨਾਲੋਂ ਵਧੇਰੇ ਜ਼ਰੂਰੀ ਹੈ ਕਿ ਸੰਵਿਧਾਨ ਵਿੱਚ ਦਰਜ ਆਜ਼ਾਦੀ, ਬਰਾਬਰੀ, ਨਿਆਂ ਅਤੇ ਭਾਈਚਾਰੇ ਦੇ ਸਿਧਾਂਤਾਂ ਦੀ ਪਾਲਣਾ ਹੋਵੇ।

ਲੱਧੜ ਨੇ ਕਿਹਾ ਕਿ ਡਾ. ਅੰਬੇਡਕਰ ਦੇ ਬੁੱਤਾਂ ਦੀ ਭੰਨ-ਤੋੜ ਜਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਅਜਿਹੇ ਮਾਮਲਿਆਂ ਵਿੱਚ ਤੁਰੰਤ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਜਾਂ ਸੰਗਠਨ ਦੀ ਸਿਆਸੀ ਪਛਾਣ ਨੂੰ ਕਾਰਵਾਈ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਅੰਬੇਡਕਰ ਦੇ ਚਿੱਤਰ ਲੈ ਕੇ ਰੈਲੀਆਂ ਕਰਨ ਅਤੇ ਉਨ੍ਹਾਂ ਦੇ ਨਾਂ ’ਤੇ ਨਾਅਰੇ ਲਗਾਉਣ ਦੀ ਬਜਾਏ ਸਿਆਸੀ ਪਾਰਟੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਦਲਿਤਾਂ ਅਤੇ ਹੋਰ ਵਾਂਝੇ ਵਰਗਾਂ ਦੀ ਸਿੱਖਿਆ, ਰੁਜ਼ਗਾਰ, ਆਰਥਿਕ ਤਰੱਕੀ, ਰਾਖਵੇਂਕਰਨ ਅਤੇ ਪ੍ਰਸ਼ਾਸਨਿਕ ਤੇ ਸਿਆਸੀ ਨੁਮਾਇੰਦਗੀ ਲਈ ਕੀ ਠੋਸ ਕਦਮ ਚੁੱਕੇ ਹਨ।

ਉਨ੍ਹਾਂ ਅਨੁਸਾਰ ਅੰਬੇਡਕਰ ਦੇ ਵਿਚਾਰਾਂ ਨਾਲ ਜੁੜੇ ਸਮਾਜ ਦੀ ਵੱਡੀ ਆਬਾਦੀ ਨੂੰ ਸਿਰਫ਼ ਚੋਣਾਂ ਵੇਲੇ ਵੋਟ ਬੈਂਕ ਸਮਝਣਾ ਠੀਕ ਨਹੀਂ। ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦਾ ਸਥਾਈ ਹੱਲ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ।

ਰਾਜਨੀਤੀ ਵਿੱਚ ਵਿਅਕਤੀ ਪੂਜਾ ਬਾਰੇ ਅੰਬੇਡਕਰ ਦੀ ਚੇਤਾਵਨੀ ਦਾ ਜ਼ਿਕਰ ਕਰਦਿਆਂ ਲੱਧੜ ਨੇ ਕਿਹਾ ਕਿ 25 ਨਵੰਬਰ 1949 ਨੂੰ ਸੰਵਿਧਾਨ ਸਭਾ ਵਿੱਚ ਆਪਣੇ ਇਤਿਹਾਸਕ ਭਾਸ਼ਣ ਦੌਰਾਨ ਬਾਬਾ ਸਾਹਿਬ ਨੇ ਕਿਹਾ ਸੀ:

“Bhakti or hero-worship is a sure road to degradation and to eventual dictatorship.”

ਉਨ੍ਹਾਂ ਦਾ ਇਹ ਸੰਦੇਸ਼ ਅੱਜ ਵੀ ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ। ਕਿਸੇ ਵੀ ਆਗੂ ਪ੍ਰਤੀ ਸਨਮਾਨ ਦਾ ਅਰਥ ਇਹ ਨਹੀਂ ਹੋਣਾ ਚਾਹੀਦਾ ਕਿ ਨਾਗਰਿਕ ਆਪਣੀ ਸੁਤੰਤਰ ਸੋਚ ਅਤੇ ਸਵਾਲ ਪੁੱਛਣ ਦਾ ਅਧਿਕਾਰ ਛੱਡ ਦੇਣ। ਲੋਕਤੰਤਰ ਵਿੱਚ ਵਿਅਕਤੀ ਨਹੀਂ, ਸੰਵਿਧਾਨ ਅਤੇ ਕਾਨੂੰਨ ਸਰਵਉੱਚ ਹਨ।

ਲੱਧੜ ਨੇ ਕਿਹਾ ਕਿ ਡਾ. ਅੰਬੇਡਕਰ ਕਿਸੇ ਇੱਕ ਸਿਆਸੀ ਪਾਰਟੀ ਜਾਂ ਸੰਗਠਨ ਦੀ ਵਿਰਾਸਤ ਨਹੀਂ, ਸਗੋਂ ਸਮੁੱਚੇ ਦੇਸ਼ ਦੀ ਸਾਂਝੀ ਧਰੋਹਰ ਹਨ। ਉਨ੍ਹਾਂ ਦੀ ਵਿਚਾਰਧਾਰਾ ਨੂੰ ਸਿਆਸੀ ਲਾਭ ਤੱਕ ਸੀਮਤ ਕਰਨ ਦੀ ਬਜਾਏ ਸਮਾਜਿਕ ਨਿਆਂ ਅਤੇ ਬਰਾਬਰੀ ਦੀ ਸਥਾਪਨਾ ਲਈ ਅਮਲ ਵਿੱਚ ਲਿਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੀਆਂ ਤਸਵੀਰਾਂ ਲਗਾਉਣ ਜਾਂ ਨਾਅਰੇ ਲਗਾਉਣ ਨਾਲ ਨਹੀਂ, ਸਗੋਂ ਗਰੀਬ, ਦਲਿਤ ਅਤੇ ਸਮਾਜ ਦੇ ਆਖਰੀ ਪਾਇਦਾਨ ’ਤੇ ਖੜ੍ਹੇ ਵਿਅਕਤੀ ਨੂੰ ਨਿਆਂ, ਸਨਮਾਨ ਅਤੇ ਬਰਾਬਰ ਦੇ ਮੌਕੇ ਦੇਣ ਨਾਲ ਹੀ ਸੰਭਵ ਹੈ।

Leave a Reply

Your email address will not be published. Required fields are marked *