ਪੰਜਾਬ ਪੁਲਿਸ ਦੇ ਦਖ਼ਲ ਤੋਂ ਬਾਅਦ  ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜੀ5 ਨੂੰ “ਲਾਰੈਂਸ ਆਫ਼ ਪੰਜਾਬ” ਰਿਲੀਜ਼ ਨਾ ਕਰਨ ਦੇ ਨਿਰਦੇਸ਼

ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਬਣਾਈ ਰੱਖਣ ਅਤੇ ਸਹੀ ਤੇ ਜ਼ਿੰਮੇਵਾਰ ਕੰਟੈਂਟ ਪ੍ਰਸਾਰਿਤ ਕਰਨ ਨੂੰ ਯਕੀਨੀ ਬਣਾਉਣ ਵੱਲ ਸਰਗਰਮ ਕਦਮ ਚੁੱਕਦਿਆਂ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ  ਨੇ ਜੀ5 ਓਟੀਟੀ ਪਲੇਟਫਾਰਮ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ “ਲਾਰੈਂਸ ਆਫ਼ ਪੰਜਾਬ” ਸਿਰਲੇਖ ਵਾਲੀ ਡਾਕੂਮੈਂਟਰੀ (ਦਸਤਾਵੇਜ਼ੀ ਸੀਰੀਜ਼) ਰਿਲੀਜ਼ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਹ ਕਾਰਵਾਈ ਵਿਸ਼ੇਸ਼ ਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਵੱਲੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ  ਕੋਲ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀ ਧਾਰਾ 69ਏ(1) ਤਹਿਤ ਕੰਟੈਂਟ (ਸਮੱਗਰੀ) ਦੀ ਸਕ੍ਰੀਨਿੰਗ ‘ਤੇ ਰੋਕ ਲਗਾਉਣ ਦੀ ਮੰਗ ਉਠਾਉਣ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਜਨਤਕ ਵਿਵਸਥਾ ‘ਤੇ ਇਸਦੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵੱਖ-ਵੱਖ ਅੰਦਰੂਨੀ ਜਾਣਕਾਰੀ ਅਨੁਸਾਰ ਇਸ ਡਾਕੂਮੈਂਟਰੀ ਵਿੱਚ ਸ਼ਾਮਲ ਨਾਟਕੀ ਚਿੱਤਰਣ, ਰੀਅਲ-ਲਾਈਫ਼ ਫੁਟੇਜ ਅਤੇ ਖਾਸ ਬਿਰਤਾਂਤ ਸੰਗਠਿਤ ਅਪਰਾਧ ਅਤੇ ਖ਼ਤਰਨਾਕ ਅਪਰਾਧੀਆਂ ਨੂੰ ਪ੍ਰਫੁੱਲਤ ਕਰਨ ਵਰਗਾ ਵੱਡਾ ਜੋਖਮ ਪੈਦਾ ਕਰ ਸਕਦੇ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਚਿੱਤਰਣ ਨੌਜਵਾਨਾਂ ਨੂੰ ਗੁੰਮਰਾਹ ਅਤੇ ਸੂਬੇ ਦੀ ਸਖ਼ਤ ਘਾਲਣਾ ਨਾਲ ਕਾਇਮ ਕੀਤੀ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰ ਸਕਦੇ ਹਨ।

ਇਨ੍ਹਾਂ ਰਿਪੋਰਟਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ  ਨਾਲ ਸੰਪਰਕ ਕੀਤਾ, ਜੋ ਕਿ ਭਾਰਤ ਵਿੱਚ ਓਟੀਟੀ ਸਮੱਗਰੀ ਲਈ ਮਨੋਨੀਤ ਨੋਡਲ ਏਜੰਸੀ ਹੈ।

ਡੀਜੀਪੀ ਨੇ ਕਿਹਾ ਕਿ ਪੂਰੀ ਸਮੱਗਰੀ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮੰਤਰਾਲੇ ਨੇ ਮਾਮਲੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਜੀ5 ਨੂੰ ਇੱਕ ਐਡਵਾਇਜ਼ਰੀ ਜਾਰੀ ਕਰਕੇ ਆਪਣੇ ਓਟੀਟੀ ਪਲੇਟਫਾਰਮ ‘ਤੇ ਇਹ ਕੰਟੈਂਟ ਨਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਸੀਂ ਜ਼ਿੰਮੇਵਾਰ ਸਮੱਗਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਅਤੇ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਕਾਇਮ ਰੱਖਣ ਤੁਰੰਤ ਦਖ਼ਲ ਦੇਣ ਵਾਸਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦੇ ਹਾਂ।

ਪੰਜਾਬ ਪੁਲਿਸ ਦੇ ਰੁਖ਼ ਦੀ ਪੁਸ਼ਟੀ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਹਰ ਕੀਮਤ ‘ਤੇ ਸ਼ਾਂਤੀ, ਜਨਤਕ ਤੇ ਕਾਨੂੰਨ ਵਿਵਸਥਾ ਅਤੇ ਸਮਾਜਿਕ ਸਦਭਾਵਨਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਪਰਾਧਿਕ ਗਤੀਵਿਧੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਵਾਲੀ ਕਿਸੇ ਵੀ ਸਮੱਗਰੀ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Leave a Reply

Your email address will not be published. Required fields are marked *