13 ਸਾਲ ਦੇ ਸੋਕੇ ਤੋਂ ਬਾਅਦ ਪੰਜਾਬ ਅੰਡਰ-19 ਨੇ ਮੁੜ ਜਿੱਤੀ ਵੀਨੂ ਮਾਂਕੜ ਟਰੋਫੀ ਐਲਾਈਟ

ਫਾਈਨਲ ਵਿੱਚ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ; ਸਾਗਰ ਵਿਰਕ ਦਾ ਸ਼ਾਨਦਾਰ ਸੈਂਕੜਾ ਅਤੇ ਕਪਤਾਨ ਅਰਜੁਨ ਰਾਜਪੂਤ ਦੀ ਨਾਬਾਦ 55 ਦੌੜਾਂ ਦੀ ਧਮਾਕੇਦਾਰ ਪਾਰੀ ਰਹੀ ਜਿੱਤ ਦੀ ਖਾਸ ਹਾਈਲਾਈਟ

ਇੰਦੌਰ, 27 ਅਕਤੂਬਰ 2026: ਪੰਜਾਬ ਅੰਡਰ-19 ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁੰਬਈ ਅੰਡਰ-19 ਨੂੰ 7 ਵਿਕਟਾਂ ਨਾਲ ਹਰਾ ਕੇ 2026-27 ਵੀਨੂ ਮਾਂਕੜ ਟਰੋਫੀ ਐਲਾਈਟ ਦਾ ਖਿਤਾਬ ਆਪਣੇ ਨਾਮ ਕਰ ਲਿਆ। ਦਿ ਡੇਲੀ ਕਾਲਜ, ਇੰਦੌਰ ਵਿਖੇ ਖੇਡੇ ਗਏ ਫਾਈਨਲ ਵਿੱਚ ਪੰਜਾਬ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿੱਚ ਸ਼ਾਨਦਾਰ ਖੇਡ ਦਿਖਾਈ।

ਟਾਸ ਜਿੱਤ ਕੇ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ ਪਾਰੀ ਵਿੱਚ 281/9 ਦੌੜਾਂ ਬਣਾਈਆਂ। ਮੁੰਬਈ ਵੱਲੋਂ ਅਰਜੁਨ ਗਡੋਇਆ ਨੇ 109 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਹਰਸ਼ ਗਾਇਕਰ ਨੇ 61 ਗੇਂਦਾਂ ’ਤੇ 66 ਦੌੜਾਂ ਬਣਾਈਆਂ।

ਪੰਜਾਬ ਵੱਲੋਂ ਗੇਂਦਬਾਜ਼ੀ ਵਿੱਚ ਸਾਹਿਬਜੋਤ ਵੀਰ ਸਿੰਘ, ਵੀਰ ਸਿੰਘ ਅਤੇ ਇਸ਼ਾਨ ਸੂਦ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4-4 ਵਿਕਟਾਂ ਹਾਸਲ ਕੀਤੀਆਂ, ਜਦਕਿ ਜੈਪ੍ਰਤਾਪ ਜੌਲ ਨੇ ਇੱਕ ਵਿਕਟ ਲਈ।

281 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪ੍ਰਾਂਸ਼ੂ ਪ੍ਰਤਾਪ ਨੇ 40 ਦੌੜਾਂ ਬਣਾਈਆਂ, ਜਦਕਿ ਸਾਗਰ ਵਿਰਕ ਨੇ ਸ਼ਾਨਦਾਰ ਸੈਂਕੜਾ ਜੜਦਿਆਂ 111 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਰਿਸ਼ਭ ਗੁਪਤਾ ਨੇ 59 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ।

ਕਪਤਾਨ ਅਰਜੁਨ ਰਾਜਪੂਤ ਨੇ ਅੰਤ ਤੱਕ ਨਾਬਾਦ ਰਹਿੰਦਿਆਂ ਸਿਰਫ਼ 33 ਗੇਂਦਾਂ ’ਤੇ 55 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਪੰਜਾਬ ਨੂੰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ।

ਇਸ ਜਿੱਤ ਨਾਲ ਪੰਜਾਬ ਅੰਡਰ-19 ਨੇ 13 ਸਾਲ ਦੇ ਸੋਕੇ ਤੋਂ ਬਾਅਦ ਵੀਨੂ ਮਾਂਕੜ ਟਰੋਫੀ ਮੁੜ ਪੰਜਾਬ ਦੀ ਝੋਲੀ ਵਿੱਚ ਪਾ ਦਿੱਤੀ।

ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੰਜਾਬ ਅੰਡਰ-19 ਨੂੰ ਵਧਾਈ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਅੰਡਰ-19 ਟੀਮ ਨੂੰ ਵੀਨੂ ਮਾਂਕੜ ਟਰੋਫੀ ਐਲਾਈਟ ਜਿੱਤਣ ’ਤੇ ਵਧਾਈ ਦਿੰਦਿਆਂ ਕਿਹਾ ਕਿ 13 ਸਾਲ ਦੇ ਸੋਕੇ ਤੋਂ ਬਾਅਦ ਵੀਨੂ ਮਾਂਕੜ ਟਰੋਫੀ ਨੂੰ ਮੁੜ ਪੰਜਾਬ ਲਿਆਉਣਾ ਬਹੁਤ ਮਾਣ ਵਾਲੀ ਗੱਲ ਹੈ।

ਉਨ੍ਹਾਂ ਨੇ ਕਪਤਾਨ ਅਰਜੁਨ ਰਾਜਪੂਤ, ਸਾਗਰ ਵਿਰਕ, ਪ੍ਰਾਂਸ਼ੂ ਪ੍ਰਤਾਪ, ਰਿਸ਼ਭ ਗੁਪਤਾ, ਉਮੇਸ਼ ਗਿੱਲ ਸਮੇਤ ਪੂਰੀ ਟੀਮ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੋਚਿੰਗ ਸਟਾਫ, ਸਿਲੈਕਟਰਾਂ, ਸਪੋਰਟ ਸਟਾਫ ਅਤੇ ਟੀਮ ਨਾਲ ਜੁੜੇ ਹਰੇਕ ਮੈਂਬਰ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਜਿੱਤ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਦੀ ਕਾਬਲੀਅਤ, ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ ਅਤੇ ਇਹ ਖਿਤਾਬ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਉਪਲਬਧੀਆਂ ਲਈ ਟੀਮ ਦਾ ਹੌਸਲਾ ਵਧਾਏਗਾ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਮੂਹ ਪ੍ਰਬੰਧਕਾਂ ਵੱਲੋਂ ਵੀ ਪੰਜਾਬ ਅੰਡਰ-19 ਟੀਮ, ਕੋਚਿੰਗ ਅਤੇ ਸਪੋਰਟ ਸਟਾਫ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਗਈ। ਨਾਲ ਹੀ ਪੰਜਾਬ ਦੇ ਸਮੂਹ ਕ੍ਰਿਕਟ ਪ੍ਰੇਮੀਆਂ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਟੀਮ ਦਾ ਹੌਸਲਾ ਵਧਾਇਆ।

PCA ਪ੍ਰਬੰਧਕਾਂ ਨੇ ਉਮੀਦ ਜਤਾਈ ਕਿ ਪੰਜਾਬ ਦੀਆਂ ਟੀਮਾਂ ਆਉਣ ਵਾਲੇ ਸਮੇਂ ਵਿੱਚ ਵੀ BCCI ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਹੋਈਆਂ ਹੋਰ ਖਿਤਾਬ ਪੰਜਾਬ ਦੀ ਝੋਲੀ ਵਿੱਚ ਪਾਉਣਗੀਆਂ। ਖਾਸ ਤੌਰ ’ਤੇ ਰਣਜੀ ਟਰੋਫੀ ਵਿੱਚ ਵੀ ਪੰਜਾਬ ਦੀ ਟੀਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਪੂਰੇ ਪੰਜਾਬ ਨੂੰ ਉਮੀਦ ਹੈ ਕਿ ਇਸ ਸੀਜ਼ਨ ਵਿੱਚ ਪੰਜਾਬ ਦੀਆਂ ਟੀਮਾਂ ਹੋਰ ਵੀ ਕਈ ਵੱਡੀਆਂ ਉਪਲਬਧੀਆਂ ਹਾਸਲ ਕਰਨਗੀਆਂ

Leave a Reply

Your email address will not be published. Required fields are marked *