ਆਮ ਆਦਮੀ ਪਾਰਟੀ ਨੇ ਵਿਧਾਇਕ ਸਵਨਾ ਦੇ ਫਾਜ਼ਿਲਕਾ ਪ੍ਰਤੀ ਸਮਰਪਣ ਦਾ ਦਿੱਤਾ ਸਿਲਾ, ਫਿਰ ਬਣਾਇਆ ਉਮੀਦਵਾਰ

ਫਾਜ਼ਿਲਕਾ: ਇਹ ਖੇਤਰ ਦੇ ਨੌਜਵਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦਾ ਫਾਜ਼ਿਲਕਾ ਪ੍ਰਤੀ ਸਮਰਪਣ ਹੀ ਹੈ ਕਿ ਪਾਰਟੀ ਨੇ ਕਿਸੇ ਹੋਰ ਨਾਂ ‘ਤੇ ਵਿਚਾਰ ਕਰਨ ਦੀ ਬਜਾਏ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਹੀ ਫਾਜ਼ਿਲਕਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਤੋਂ ਬਾਅਦ ਫਾਜ਼ਿਲਕਾ ਹਲਕੇ ਤੋਂ ਵਿਧਾਇਕ ਨਰਿੰਦਰ ਸਵਨਾ ਨੇ ਆਪਣੇ ਹਲਕੇ ਦੇ ਤਮਾਮ ਜ਼ਿਲ੍ਹਾ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਹਲਕਾ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਮਹਿਲਾ ਵਿੰਗ, ਯੂਥ ਵਿੰਗ, ਐਸਸੀ ਵਿੰਗ, ਬੀਸੀ ਵਿੰਗ ਦੇ ਆਗੂਆਂ, ਸਰਪੰਚਾਂ, ਮੈਂਬਰਾਂ, ਚੇਅਰਮੈਨਾਂ ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਵੱਡੀ ਗਿਣਤੀ ‘ਚ ਇੱਕ ਮੀਟਿੰਗ ਕੀਤੀ। ਮੀਟਿੰਗ ਦੀ ਸ਼ੁਰੂਆਤ ‘ਚ ਇਨਕਲਾਬ ਜ਼ਿੰਦਾਬਾਦ ਅਤੇ ਪਾਰਟੀ ਲੀਡਰਸ਼ਿਪ ਦੇ ਨਾਅਰਿਆਂ ਨਾਲ ਮਾਹੌਲ ਜੋਸ਼ ਨਾਲ ਭਰ ਗਿਆ। ਵਿਧਾਇਕ ਨਰਿੰਦਰ ਸਵਨਾ ਨੇ ਸਭ ਦਾ ਸਿਰ ਝੁਕਾ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਟਿਕਟ ਦੇ ਐਲਾਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਇੰਨੀ ਵੱਡੀ ਗਿਣਤੀ ‘ਚ ਆਪਣੇ ਖੇਤੀ ਕਾਰਜ, ਝੋਨੇ ਦੀ ਕਟਾਈ, ਮੰਡੀਆਂ ਅਤੇ ਹੋਰ ਜ਼ਰੂਰੀ ਕੰਮ ਛੱਡ ਕੇ ਵਰਕਰ ਇੱਥੇ ਪਹੁੰਚੇ ਹਨ, ਜੋ ਉਨ੍ਹਾਂ ਪ੍ਰਤੀ ਪਿਆਰ ਅਤੇ ਸਮਰਥਨ ਦਾ ਵੱਡਾ ਸਬੂਤ ਹੈ।

ਵਿਧਾਇਕ ਨਰਿੰਦਰ ਸਵਨਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪਿਛਲੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਗਿਆ ਹੈ ਅਤੇ ਲੋਕਾਂ ਨਾਲ ਪੂਰਾ ਮਾਣ-ਸਨਮਾਨ ਤੇ ਸਹਿਯੋਗ ਰੱਖਿਆ ਗਿਆ ਹੈ। ਪਾਰਟੀ ਵੱਲੋਂ ਕਰਵਾਏ ਗਏ ਸਰਵੇ ‘ਚ ਵੀ ਫਾਜ਼ਿਲਕਾ ਦੀ ਜਨਤਾ ਨੇ ਇੱਕੋ ਗੱਲ ਕਹੀ ਕਿ ਉਹ ਕਿਸੇ ਹੋਰ ਵਿਕਲਪ ਦੀ ਬਜਾਏ ਆਪਣੇ ਛੋਟੇ ਭਰਾ ਅਤੇ ਪੁੱਤ ਨਰਿੰਦਰ ਸਵਨਾ ਨੂੰ ਹੀ ਦੁਬਾਰਾ ਵਿਧਾਇਕ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ, ਜਿਨ੍ਹਾਂ ‘ਚ ਉਨ੍ਹਾਂ ਦੇ ਪਿਤਾ ਅਤੇ ਪਤਨੀ ਸ਼ਾਮਲ ਹਨ, ਨੇ ਹਮੇਸ਼ਾ ਲੋਕਾਂ ਦੇ ਹਰ ਦੁੱਖ-ਸੁੱਖ ਅਤੇ ਮੁਸ਼ਕਲ ‘ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ। ਉਨ੍ਹਾਂ ਹੜ੍ਹ ਅਤੇ ਆਫ਼ਤ ਦੇ ਸਮੇਂ, ਖਾਸ ਕਰਕੇ 2023 ਅਤੇ 2025 ਦੀਆਂ ਔਖੀਆਂ ਸਥਿਤੀਆਂ ‘ਚ ਕਿਸ਼ਤੀਆਂ ਰਾਹੀਂ ਪਾਣੀ ਦੇ ਵਿਚਕਾਰ ਜਾ ਕੇ ਲੋਕਾਂ ਤੱਕ ਰਾਸ਼ਨ, ਦਵਾਈਆਂ, ਲੰਗਰ ਅਤੇ ਪੀਣ ਵਾਲਾ ਪਾਣੀ ਪਹੁੰਚਾਉਣ ਦੇ ਆਪਣੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਕੋਈ ਵੀ ਆਗੂ ਜਾਂ ਸਾਬਕਾ ਮੰਤਰੀ ਉਸ ਸਮੇਂ ਲੋਕਾਂ ਦਾ ਹਾਲ ਪੁੱਛਣ ਨਹੀਂ ਆਇਆ ਸੀ, ਜਦਕਿ ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕੀਤੀ।

ਵਿਧਾਇਕ ਸਵਨਾ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਾਜ਼ਿਲਕਾ ‘ਚ ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਕਿਸੇ ਵੀ ਵਪਾਰੀ, ਦੁਕਾਨਦਾਰ ਜਾਂ ਆਮ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਡਾਕਟਰਾਂ ਅਤੇ ਵਪਾਰੀਆਂ ‘ਤੇ ਛਾਪੇ ਮਰਵਾਏ ਜਾਂਦੇ ਸਨ ਅਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਸੀ, ਪਰ ਆਪ ਸਰਕਾਰ ‘ਚ ਅਮਨ-ਸ਼ਾਂਤੀ ਕਾਇਮ ਰੱਖੀ ਗਈ ਹੈ। ਸਰਪੰਚਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਐਮਸੀ ਦੀਆਂ ਚੋਣਾਂ ‘ਚ ਵੀ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਅਤੇ ਸਾਰੇ ਨੁਮਾਇੰਦੇ ਲੋਕਤੰਤਰੀ ਤਰੀਕੇ ਨਾਲ ਚੁਣ ਕੇ ਆਏ ਹਨ, ਜਿਸ ਕਾਰਨ ਅੱਜ ਪੂਰਾ ਫਾਜ਼ਿਲਕਾ ਖੁਸ਼ ਹੈ। ਉਨ੍ਹਾਂ ਸੂਬਾ ਸਰਕਾਰ ਦੀਆਂ ਗਾਰੰਟੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ‘ਚ ਬਿਜਲੀ ਮਾਫ ਹੈ, ਦਸ ਲੱਖ ਤੱਕ ਦਾ ਇਲਾਜ ਮੁਫਤ ਹੈ, ਰਾਸ਼ਨ ਮੁਫਤ ਹੈ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚੱਲ ਰਹੀ ਹੈ, ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਿਫਾਰਸ਼ ਜਾਂ ਰਿਸ਼ਵਤ ਦੇ ਯੋਗਤਾ ਦੇ ਆਧਾਰ ‘ਤੇ ਮਿਲ ਰਹੀਆਂ ਹਨ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ ਅਤੇ ਨਹਿਰੀ ਪਾਣੀ ਟੇਲ ਤੱਕ ਪਹੁੰਚ ਰਿਹਾ ਹੈ। ਔਰਤਾਂ ਲਈ ਇੱਕ ਹਜ਼ਾਰ ਰੁਪਏ ਵਾਲੀ ਗਾਰੰਟੀ ਸਮੇਤ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ।

— ਬਾਕਸ:
ਟਿਕਟ ਮੰਗਣਾ ਸਭ ਦਾ ਹੱਕ, ਜੋ ਦਾਅਵੇਦਾਰ ਰਹਿ ਗਏ ਹਨ, ਉਨ੍ਹਾਂ ਸਭ ਦੇ ਸਹਿਯੋਗ ਨਾਲ ਅੱਗੇ ਚੱਲਾਂਗਾ: ਸਵਨਾ

ਫਾਜ਼ਿਲਕਾ: ਟਿਕਟ ਦੀ ਮੰਗ ਕਰ ਰਹੇ ਹੋਰ ਸਾਥੀਆਂ ਦੇ ਸਬੰਧ ‘ਚ ਵਿਧਾਇਕ ਨੇ ਕਿਹਾ ਕਿ ਲੋਕਤੰਤਰ ‘ਚ ਹਰ ਕਿਸੇ ਨੂੰ ਟਿਕਟ ਮੰਗਣ ਦਾ ਹੱਕ ਹੈ ਅਤੇ ਜਿਨ੍ਹਾਂ ਸਾਥੀਆਂ ਨੇ ਟਿਕਟ ਦੀ ਮੰਗ ਕੀਤੀ ਹੈ, ਉਹ ਵੀ ਪਾਰਟੀ ਦੇ ਆਪਣੇ ਭਰਾ ਅਤੇ ਸਾਥੀ ਹਨ। ਪਾਰਟੀ ਨੇ ਉਨ੍ਹਾਂ ਨੂੰ ਪਹਿਲਾਂ ਹੀ ਚੋਣ ਮੈਦਾਨ ‘ਚ ਉਤਰਨ ਦਾ ਨਿਰਦੇਸ਼ ਦਿੱਤਾ ਸੀ, ਪਰ ਜੋ ਸਾਥੀ ਟਿਕਟ ਮੰਗ ਰਹੇ ਸਨ, ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇਗਾ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਤੋਂ ਇਸ ਵਾਰ ਪਿਛਲੀ ਚੋਣ ਦੀ 2700 ਦੀ ਲੀਡ ਤੋਂ ਵੀ ਜ਼ਿਆਦਾ ਭਾਰੀ ਬਹੁਮਤ ਨਾਲ ਜਿੱਤ ਦਰਜ ਕਰ ਇਹ ਸੀਟ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਨੀਸ਼ ਸਿਸੋਦੀਆ ਦੀ ਝੋਲੀ ‘ਚ ਪਾਉਣੀ ਹੈ। ਉਨ੍ਹਾਂ ਅੰਤ ‘ਚ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਤੋਂ ਹੀ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਅਤੇ ਫਾਜ਼ਿਲਕਾ ਨੂੰ ਭਾਰੀ ਲੀਡ ਨਾਲ ਜਿਤਾ ਕੇ ਇਤਿਹਾਸਕ ਜਿੱਤ ਯਕੀਨੀ ਬਣਾਉਣ।

Leave a Reply

Your email address will not be published. Required fields are marked *