ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਦਿਖਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰੂ ਸਾਹਿਬ ਦੇ ਪਵਿੱਤਰ ਜੀਵਨ, ਮਨੁੱਖਤਾਵਾਦੀ ਫਲਸਫੇ ਅਤੇ ਸਿੱਖਿਆਵਾਂ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡਾਂ ਵਿੱਚ ਵਿਸ਼ੇਸ਼ ਦਸਤਾਵੇਜ਼ੀ ਸ਼ੋਅ ਦਿਖਾਏ ਜਾ ਰਹੇ ਹਨ, ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਅਧਿਆਤਮਕ ਵਿਰਸੇ ਨਾਲ ਜੋੜਿਆ ਜਾ ਸਕੇ।

ਇਸ ਤਹਿਤ ਬਲਾਕ ਫਾਜ਼ਿਲਕਾ ਦੇ ਪਿੰਡਾਂ ਵਿੱਚ ਇਹ ਦਸਤਾਵੇਜ਼ੀ ਫਿਲਮ ਪਹਿਲਾਂ ਹੀ ਦਿਖਾਈ ਜਾ ਚੁੱਕੀ ਹੈ। ਪਿਛਲੇ ਦਿਨੀਂ ਬਲਾਕ ਫਾਜ਼ਿਲਕਾ ਦੇ ਪਿੰਡਾਂ ਨਵਾਂ ਆਹਲ ਬੋਦਲਾ, ਓਝਾਂ ਵਾਲੀ, ਨਵੀਂ ਓਝਾਂ ਵਾਲੀ, ਝੋਕ ਡੀਪੂਲਾਣਾ, ਢਾਣੀ ਬੁਰਜ ਵਿਖੇ ਦਸਤਾਵੇਜ਼ੀ ਦਿਖਾਈ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਰਹਿੰਦੇ ਪਿੰਡਾਂ ਵਿੱਚ ਵੀ ਦਿਖਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਆਧੁਨਿਕ ਵੱਡ-ਅਕਾਰੀ ਐੱਲ.ਈ.ਡੀ. (LED) ਸਕ੍ਰੀਨ ਰਾਹੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਮਾਜਿਕ ਬਰਾਬਰੀ ਦੇ ਦਰਸ਼ਨ ਅਤੇ ਲੋਕ-ਭਲਾਈ ਦੀ ਸੋਚ ‘ਤੇ ਆਧਾਰਿਤ 30 ਮਿੰਟ ਦੀ ਇੱਕ ਬੇਹੱਦ ਪ੍ਰਭਾਵਸ਼ਾਲੀ ਦਸਤਾਵੇਜ਼ੀ ਫ਼ਿਲਮ ਸੰਗਤਾਂ ਦੇ ਸਨਮੁਖ ਪੇਸ਼ ਕੀਤੀ ਜਾ ਰਹੀ ਹੈ, ਜਿਸ ਦੀ ਸੰਗਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।