ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਚੇਅਰਮੈਨ ਇੰਜ. ਮਨੋਜ ਤ੍ਰਿਪਾਠੀ ਦੇ ਨਿਰਦੇਸ਼ਾਂ ਅਤੇ ਪੋਂਗ ਡੈਮ ਦੇ ਮੁੱਖ ਇੰਜਨੀਅਰ ਰਾਕੇਸ਼ ਕੁਮਾਰ ਗੁਪਤਾ ਦੇ ਮਾਰਗਦਰਸ਼ਨ ਹੇਠ ਡੈਮ ਦੇ ਇੰਜਨੀਅਰਾਂ ਦੀ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਦਿਨਾਂ ਤਕਨੀਕੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਕਾਰਜਸ਼ਾਲਾ ਦੌਰਾਨ ਡੈਮਾਂ ਅਤੇ ਹੈਡਵਰਕਸਾਂ ਦੇ ਗੇਟਾਂ ਨਾਲ ਸਬੰਧਤ ਅਹਿਮ ਤਕਨੀਕੀ ਪੱਖਾਂ ’ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਕਾਰਜਸ਼ਾਲਾ ਵਿੱਚ ਕੇਂਦਰੀ ਜਲ ਆਯੋਗ ਦੇ ਸਾਬਕਾ ਮੁੱਖ ਇੰਜਨੀਅਰ ਸ਼ਿਵ ਦੱਤ ਸ਼ਰਮਾ ਨੇ ਵਿਸ਼ੇਸ਼ ਮਾਹਿਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡੈਮਾਂ ਅਤੇ ਹੈਡਵਰਕਸਾਂ ਵਿੱਚ ਵਰਤੇ ਜਾਂਦੇ ਗੇਟਾਂ ਦੀ ਯੋਜਨਾਬੰਦੀ, ਡਿਜ਼ਾਇਨ, ਨਿਰਮਾਣ, ਸਥਾਪਨਾ ਅਤੇ ਕਾਰਜਸ਼ੀਲ ਕਰਨ ਨਾਲ ਸਬੰਧਤ ਵੱਖ-ਵੱਖ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੇਟਾਂ ਦੀ ਕਾਰਗੁਜ਼ਾਰੀ, ਸੁਰੱਖਿਆ, ਰੱਖ-ਰਖਾਅ ਅਤੇ ਸੰਚਾਲਨ ਦੌਰਾਨ ਆਉਣ ਵਾਲੀਆਂ ਤਕਨੀਕੀ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵੀ ਆਪਣੇ ਤਜਰਬੇ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ ਨੇ ਇੰਜ. ਸ਼ਿਵ ਦੱਤ ਸ਼ਰਮਾ ਦਾ ਸਵਾਗਤ ਕਰਦਿਆਂ ਕਾਰਜਸ਼ਾਲਾ ਦੇ ਉਦੇਸ਼ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡੈਮਾਂ ਦੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਲਈ ਇੰਜਨੀਅਰਾਂ ਦਾ ਨਵੀਨਤਮ ਤਕਨੀਕੀ ਗਿਆਨ ਨਾਲ ਲੈਸ ਹੋਣਾ ਬਹੁਤ ਜ਼ਰੂਰੀ ਹੈ।
ਕਾਰਜਸ਼ਾਲਾ ਦੇ ਅੰਤ ਵਿੱਚ ਡਿਪਟੀ ਮੁੱਖ ਇੰਜਨੀਅਰ ਵੀ. ਕੇ. ਮੀਨਾ ਨੇ ਮਾਹਿਰ ਇੰਜ. ਸ਼ਿਵ ਦੱਤ ਸ਼ਰਮਾ ਦਾ ਕੀਮਤੀ ਤਕਨੀਕੀ ਗਿਆਨ ਅਤੇ ਤਜਰਬਾ ਸਾਂਝਾ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਇੰਜਨੀਅਰਾਂ ਦੀ ਪੇਸ਼ੇਵਰ ਸਮਰੱਥਾ ਵਧਾਉਣ ਦੇ ਨਾਲ-ਨਾਲ ਡੈਮਾਂ ਦੀ ਸੁਰੱਖਿਆ ਅਤੇ ਕੁਸ਼ਲ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਕਾਰਜਸ਼ਾਲਾ ਤੋਂ ਪਹਿਲਾਂ ਇੰਜ. ਸ਼ਿਵ ਦੱਤ ਸ਼ਰਮਾ ਨੇ ਪੋਂਗ ਡੈਮ ਦਾ ਦੌਰਾ ਵੀ ਕੀਤਾ ਅਤੇ ਡੈਮ ਦੇ ਵੱਖ-ਵੱਖ ਤਕਨੀਕੀ ਅਤੇ ਸੰਚਾਲਨ ਪੱਖਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਾਰਜਕਾਰੀ ਇੰਜਨੀਅਰ ਅਰਵਿੰਦਰਪਾਲ ਸਿੰਘ ਊਭੀ ਅਤੇ ਗੌਰਵ ਲਾਂਬਾ ਤੋਂ ਇਲਾਵਾ ਵੱਖ ਵੱਖ ਐਸਡੀਓਜ਼ ਤੇ ਜੁਨੀਅਰ ਇੰਜਨੀਅਰ ਵੀ ਮੌਜੂਦ ਸਨ।