ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਭਰ ਵਿੱਚ ਕਰਵਾਏ ਜਾ ਰਹੇ ਵੱਖ—ਵੱਖ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਫਾਜਿਲਕਾ ਦੇ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫੇ ਅਤੇ ਮਹਾਨ ਸਿੱਖਿਆਵਾਂ ’ਤੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਬੀਤੇ ਦਿਨੀ ਹਲਕਾ ਫਾਜ਼ਿਲਕਾ ਦੇ ਪਿੰਡ ਹੀਰਾ ਵਾਲੀ, ਬੇਗਾਂ ਵਾਲੀ, ਜ਼ੋੜਕੀ ਕੰਕਰ ਵਾਲੀ, ਮਹਾਤਮ ਨਗਰ, ਚੱਕ ਰੁਹੇਲਾ ਅਤੇ ਰੇਤੇਵਾਲੀ ਭੈਣੀ ਸਮੇਤ ਵੱਖ ਵੱਖ ਪਿੰਡਾਂ ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ ‘ਤੇ ਅਧਾਰਿਤ ਦਸਤਾਵੇਜ਼ੀ ਫਿਲਮ ਦਿਖਾਈ ਗਈ ਅਤੇ ਲੋਕਾਂ ਨੇ ਇਹ ਦਸਤਾਵੇਜ਼ੀ ਫਿਲਮ ਦੇਖੀ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਿੱਤੇ ਸਮਾਨਤਾ, ਪ੍ਰਭੂ ਭਗਤੀ, ਮਨੁੱਖਤਾ, ਮਿਹਨਤ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੋਂ ਪ੍ਰੇਰਨਾ ਹਾਸਲ ਕੀਤੀ।
30 ਮਿੰਟ ਦੀ ਇਸ ਦਸਤਾਵੇਜ਼ੀ ਫਿਲਮ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸਮਾਜਿਕ ਸੁਧਾਰਾਂ ਲਈ ਉਹਨਾਂ ਦੇ ਵਿਲੱਖਣ ਯੋਗਦਾਨ, ਮਨੁੱਖੀ ਕਦਰਾਂ—ਕੀਮਤਾਂ, ਸਮਾਜਿਕ ਬਰਾਬਰੀ, ਵਿਸ਼ਵ ਭਾਈਚਾਰੇ, ਸੇਵਾ ਭਾਵਨਾ ਅਤੇ ਕਿਰਤ ਦੀ ਮਹੱਤਤਾ ਨੂੰ ਪ੍ਰਭਾਵਸ਼ਾਲੀ ਅਤੇ ਸਰਲ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨੇ ਦਰਸ਼ਕਾਂ ‘ਤੇ ਡੂੰਘਾ ਪ੍ਰਭਾਵ ਛੱਡਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਆਮ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਡਾਕੂਮੈਂਟਰੀ ਫਿਲਮਾਂ ਦਾ ਪ੍ਰਦਰਸ਼ਨ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਨੌਜਵਾਨ ਆਪਣੇ ਮਹਾਨ ਗੁਰੂਆਂ ਦੇ ਜੀਵਨ, ਵਿਚਾਰਾਂ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨਾਲ ਹੋਰ ਨੇੜਿਓਂ ਜੁੜ ਸਕਣਗੇ ਅਤੇ ਸਮਾਜ ਵਿੱਚ ਆਪਸੀ ਭਾਈਚਾਰੇ ਅਤੇ ਸਦਭਾਵਨਾ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।