ਜੋਗਾ ਸਿੰਘ ਦੀ ਗ੍ਰਿਫ਼ਤਾਰੀ ਨਾਲ 2015 ਦੇ ਡਰੱਗ ਰੈਕੇਟ ਵਿੱਚ ਹੋਰ ਦੋਸ਼ੀਆਂ ਦਾ ਪਰਦਾਫਾਸ਼ ਹੋਣ ਦੀ ਉਮੀਦ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਮੰਤਰੀ ਅਤੇ ‘ਯੁੱਧ ਨਸ਼ਿਆ ਵਿਰੁੱਧ’ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਾਬਕਾ ਸੁਰੱਖਿਆ ਅਧਿਕਾਰੀ ਜੋਗਾ ਸਿੰਘ ਦੀ ਗ੍ਰਿਫ਼ਤਾਰੀ, 2015 ਦੇ ਗੁਰਦੇਵ ਸਿੰਘ ਦੇਬੀ ਡਰੱਗ ਰੈਕੇਟ ਦੇ ਪੀੜਤਾਂ ਲਈ ਇਨਸਾਫ਼ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਹਾਕੇ ਤੋਂ ਚੱਲ ਰਹੀ ਦੇਰੀ ਦੋਸ਼ੀਆਂ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲੀਡਰਸ਼ਿਪ ਨਾਲ ਰਾਜਨੀਤਿਕ ਸਬੰਧਾਂ ਕਾਰਨ ਹੋਈ ਹੈ।

ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋਗਾ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਘਟਨਾਵਾਂ ਦਾ ਵੇਰਵਾ ਦਿੱਤਾ। ਜੋਗਾ ਸਿੰਘ 28 ਸਤੰਬਰ, 2023 ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਤੋਂ ਹੀ ਫਰਾਰ ਸੀ। ਅਕਤੂਬਰ 2023 ਵਿੱਚ ਫਾਜ਼ਿਲਕਾ ਦੀ ਸੈਸ਼ਨ ਅਦਾਲਤ ਅਤੇ ਜਨਵਰੀ 2024 ਵਿੱਚ ਹਾਈ ਕੋਰਟ ਨੇ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਕਈ ਪੁਲਿਸ ਛਾਪਿਆਂ ਦੇ ਬਾਵਜੂਦ, ਉਹ ਫਰਾਰ ਰਿਹਾ। ਨਵੰਬਰ 2023 ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦੁਆਰਾ ਜਾਰੀ ਕੀਤੇ ਗਏ ਲੁੱਕ ਆਊਟ ਸਰਕੂਲਰ (ਐਲ.ਓ.ਸੀ) ਕਾਰਨ, ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਕਰਦੇ ਹੋਏ, ਜੋਗਾ ਸਿੰਘ ਨੂੰ ਅੰਤ ਵਿੱਚ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਉਸਨੂੰ ਟਰਾਂਜ਼ਿਟ ਰਿਮਾਂਡ ‘ਤੇ ਲਿਆ ਗਿਆ ਅਤੇ ਜਲਾਲਾਬਾਦ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਵੱਲੋਂ ਉਸ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਖੁਲਾਸਾ ਕੀਤਾ ਕਿ ਜੋਗਾ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਅਤੇ ਇਸ ਮਾਮਲੇ ਵਿੱਚ ਦੋਸ਼ੀ ਗੁਰਦੇਵ ਸਿੰਘ ਅਤੇ ਉਸ ਦੀ ਯੂਕੇ ਸਥਿਤ ਭੈਣ ਚਰਨਜੀਤ ਕੌਰ ਵਿਚਕਾਰ ਗੱਲਬਾਤ ਵਿੱਚ ਮੁੱਖ ਭੂਮਿਕਾ ਨਿਭਾਈ। ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਗੁਰਦੇਵ ਸਿੰਘ ਭਗੌੜਾ ਸੀ ਤਾਂ ਜੋਗਾ ਸਿੰਘ ਨੇ ਇਨ੍ਹਾਂ ਕਾਲਾਂ ਦਾ ਪ੍ਰਬੰਧ ਕਰਨ ਲਈ ਆਪਣੇ ਮੋਬਾਈਲ ਫੋਨ ਦੀ ਵਰਤੋਂ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਕਾਲ ਡਿਟੇਲ ਵਿਸ਼ਲੇਸ਼ਣ ਤੋਂ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਜੋਗਾ ਸਿੰਘ ਅਤੇ ਗੁਰਦੇਵ ਸਿੰਘ ਇੱਕੋ ਥਾਂ ‘ਤੇ ਸਨ, ਇੱਥੋਂ ਤੱਕ ਕਿ ਖਹਿਰਾ ਦੀ ਗੈਰਹਾਜ਼ਰੀ ਵਿੱਚ ਵੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1 ਮਾਰਚ, 2025 ਨੂੰ ਸ਼ੁਰੂ ਹੋਈ ਸੂਬੇ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਹੁਣ ਤੱਕ ਦੀ ਸਫਲਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਐਨਡੀਪੀਐਸ ਐਕਟ ਤਹਿਤ 16,062 ਮਾਮਲੇ ਦਰਜ ਕੀਤੇ ਗਏ ਹਨ, ਜਿਸ ਤਹਿਤ 25,177 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਨਸ਼ਾ ਤਸਕਰਾਂ ਨਾਲ ਸਬੰਧਤ 178 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ। ਹੁਣ ਤੱਕ ਜ਼ਬਤ ਕੀਤੇ ਗਏ ਨਸ਼ਿਆਂ ਵਿੱਚ 1,044 ਕਿਲੋਗ੍ਰਾਮ ਹੈਰੋਇਨ, 21,309 ਕਿਲੋਗ੍ਰਾਮ ਭੁੱਕੀ, 365 ਕਿਲੋਗ੍ਰਾਮ ਅਫੀਮ, ਅਤੇ ਲਗਭਗ 32 ਲੱਖ ਗੋਲੀਆਂ ਤੇ ਕੈਪਸੂਲ ਆਦਿ ਸ਼ਾਮਲ ਹਨ।

ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸਨੇ ਆਪਣੀ ਪੁਲਿਸ ਫੋਰਸ ਨੂੰ 51.41 ਕਰੋੜ ਰੁਪਏ ਦੀ ਕੀਮਤ ਵਾਲੇ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਜੋ ਨਸ਼ਾ ਵਿਰੋਧੀ ਯਤਨਾਂ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਤਕਨੀਕੀ ਤਰੱਕੀ ਰਾਜ ਦੀਆਂ ਅੰਤਰਰਾਸ਼ਟਰੀ ਸਰਹੱਦਾਂ ‘ਤੇ ਨਸੇ ਦੀ ਤਸਕਰੀ ਨੂੰ ਰੋਕਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

Leave a Reply

Your email address will not be published. Required fields are marked *