ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ

ਪੰਜਾਬ ਵਿਜੀਲੈਂਸ ਬਿਊਰੋ (VB) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਜ਼ਿਲ੍ਹਾ ਬਠਿੰਡਾ ਦੇ ਕੋਟ ਸ਼ਮੀਰ ਦੇ ਮਾਲ ਦਫ਼ਤਰ ਵਿੱਚ ਤਾਇਨਾਤ ਮਨਜੋਤ ਸਿੰਘ ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਆਪਣੇ ਰਿਸ਼ਤੇਦਾਰ ਦੀ ਵਿਰਾਸਤੀ ਜਾਇਦਾਦ ਦੇ ਇੰਤਕਾਲ ਨੂੰ ਕਰਵਾਉਣ ਸੰਬੰਧੀ ਦੋਸ਼ੀ ਪਟਵਾਰੀ ਨੂੰ ਮਿਲਿਆ ਸੀ। ਇਸ ਸਬੰਧ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਪਟਵਾਰੀ ਨੇ ਉਸਦੇ ਰਿਸ਼ਤੇਦਾਰ ਦੀ ਜਾਇਦਾਦ ਦੇ ਇੰਤਕਾਲ ਨੂੰ ਕਰਵਾਉਣ ਦੇ ਬਦਲੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਰਿਸ਼ਵਤ ਦੀ ਮੰਗ ਸੰਬੰਧੀ ਸਾਰੀ ਗੱਲਬਾਤ ਸ਼ਿਕਾਇਤਕਰਤਾ ਦੁਆਰਾ ਰਿਕਾਰਡ ਕੀਤੀ ਗਈ ਸੀ।

ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰ ਕਰਦੇ ਹੋਏ, ਉਸਨੇ ਪੰਜਾਬ ਵਿਜੀਲੈਂਸ ਬਿਊਰੋ ਰੇਂਜ, ਬਠਿੰਡਾ ਕੋਲ ਪਹੁੰਚ ਕੀਤੀ ਅਤੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਨੇ ਇੱਕ ਜਾਲ ਵਿਛਾਇਆ, ਜਿਸ ਦੌਰਾਨ ਦੋਸ਼ੀ ਪਟਵਾਰੀ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000/- ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *