ਪੁਲਿਸ ਵੱਲੋਂ ਚਲਾਏ ਓਪ੍ਰੇਸ਼ਨ ਸਤਰਕ ਤਹਿਤ 850 ਵਾਹਨਾਂ ਦੀ ਚੈਕਿੰਗ, 350 ਵਾਹਨਾਂ ਦੇ ਚਲਾਨ ਤੇ 500 ਸ਼ੱਕੀ ਵਿਅਕਤੀਆਂ ਦੀ ਕੀਤੀ ਪਹਿਚਾਣ

*ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ- ਜ਼ਿਲ੍ਹਾ ਪੁਲਿਸ ਮੁਖੀ

*ਜ਼ਿਲ੍ਹੇ ਦੇ ਲੋਕਾਂ ਨੂੰ ਨਸ਼ਾ ਤਸਕਰਾਂ ਖਿਲਾਫ ਹੈਲਪ ਲਾਇਨ 112 ਜਾਂ ਸੇਫ ਪੰਜਾਬ ਮੋਬਾਇਲ ਐਪ ਰਾਹੀਂ ਜਾਣਕਾਰੀ ਦੇਣ ਦੀ ਅਪੀਲ

ਫ਼ਤਹਿਗੜ੍ਹ ਸਾਹਿਬ, 09 ਜੁਲਾਈ:

      ਜ਼ਿਲ੍ਹਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਤੇ ਓਪ੍ਰੇਸ਼ਨ ਸਤਰਕ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਗਈ। ਓਪਰੇਸ਼ਨ ਸਤਰਕ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਜਾਰੀ ਰਿਹਾ ਅਤੇ ਪੁਲਿਸ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ।

      ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਤੇ ਨਸ਼ੇ ਦੇ ਵਪਾਰੀਆਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਓਪਰੇਸ਼ਨ ਸਤਰਕ ਤਹਿਤ ਪੁਲਿਸ ਵੱਲੋਂ 850 ਵਹਾਨਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 350 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਬਿਨਾਂ ਨੰਬਰ ਜਾਂ ਕਾਗਜ਼ਾਂ ਤੋਂ 04 ਮੋਟਰ ਸਾਇਕਲ ਜਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਓਪਰੇਸ਼ਨ ਸਤਰਕ ਤਹਿਤ ਪੁਲਿਸ ਵੱਲੋਂ 500 ਸ਼ੱਕੀ ਵਿਅਕਤੀਆਂ ਦੀ ਪਹਿਚਾਣ ਵੀ ਕੀਤੀ ਗਈ ਹੈ ਤਾਂ ਜੋ ਜ਼ਿਲ੍ਹੇ ਨੂੰ ਅਪਰਾਧ ਮੁਕਤ ਬਣਾਇਆ ਜਾ ਸਕੇ।

      ਜ਼ਿਲ੍ਹਾ ਪੁਲਿਸ ਮੁਖੀ ਨੇ ਨਸ਼ਾ ਤਸਕਰਾਂ ਨੂੰ ਤਾੜਨਾਂ ਕਰਦਿਆਂ ਕਿਹਾ ਕਿ ਉਹ ਇਹ ਕੰਮ ਛੱਡ ਦੇਣ ਕਿਉਂਕਿ ਪੁਲਿਸ ਲਗਾਤਾਰ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਨੂੰ ਨਸ਼ਾ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਵੱਡੀ ਸਫਲਤਾ ਹਾਸਲ ਹੋ ਰਹੀ ਹੈ ਅਤੇ ਪੁਲਿਸ ਵੱਲੋਂ ਕਈ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਇਸ ਤੋਂ ਇਲਾਵਾ ਨਸ਼ਿਆਂ ਦਾ ਤਿਆਗ ਕਰ ਰਹੇ ਨੌਜਵਾਨਾਂ ਨੂੰ ਮੁੜ ਤੋਂ ਸਮਾਜ ਅੰਦਰ ਬਿਹਤਰ ਜਿੰਦਗੀ ਬਤੀਤ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਵੱਖ-ਵੱਖ ਪ੍ਰਾਈਵੇਟ ਅਦਾਰਿਆਂ ਵਿੱਚ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

      ਸ਼੍ਰੀ ਸ਼ੁਭਮ ਅਗਰਵਾਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਸਮਾਜ ਵਿਰੋਧੀ ਅਨਸਰ ਬਾਰੇ ਉਨ੍ਹਾਂ ਨੂੰ ਸੂਚਨਾ ਮਿਲਦੀ ਹੈ ਤਾਂ ਇਸ ਸਬੰਧੀ ਹੈਲਪ ਲਾਇਨ ਨੰਬਰ 112 ਜਾਂ ਮੋਬਾਇਲ ਐਪ "ਸੇਫ ਪੰਜਾਬ" ਰਾਹੀਂ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਸਿੱਧੇ ਉਨ੍ਹਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ਐਸ.ਪੀ. (ਜਾਂਚ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲਿਸ ਦੀਆਂ ਟੁਕੜੀਆਂ ਨੇ ਨਾਕਿਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ।;

Leave a Reply

Your email address will not be published. Required fields are marked *