ਫਾਜਿਲਕਾ 12 ਅਗਸਤ
ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜਿਲਕਾ ਦੀ ਉਚੇਚੀ ਅਗਵਾਈ ਵਿੱਚ ਜਿਥੇ ਜਿਲ੍ਹੇ ਦੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਵਧੀਆ ਇਲਾਜ ਕੀਤਾ ਜਾ ਰਿਹਾ ਹੈ, ਉਥੇ ਇਸ ਇਲਾਜ ਲਈ ਇੱਕ ਹੋਰ ਕਦਮ ਵਧਾਉਂਦਿਆਂ ਇਸ ਇਲਾਜ ਨੂੰ ਆਯੂਸ਼ਮਾਨ ਭਾਰਤ ਡਿਜ਼ੀਟਲ ਅਕਾਊਂਟ (ਆਭਾ) ਯੋਜਨਾ ਤਹਿਤ ਆਨਲਾਈਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਓ ਪੀ ਡੀ ਦੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ ਜਿਲ੍ਹਾ ਨਿਵਾਸੀਆਂ ਨੂੰ ਤੁਰੰਤ ਆਭਾ ਆਈ ਡੀ ਬਨਾਉਣੀ ਚਾਹੀਦੀ ਹੈ।
ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਆਪਣੀ ਆਭਾ ਆਈ.ਡੀ ਬਨਾਉਣ ਨਾਲ ਮਰੀਜ਼ ਨੂੰ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਵਿੱਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗਜਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ ਨਾਲ ਚੁੱਕਣ ਦੀ ਜਰੂਰਤ ਨਹੀਂ ਰਹੇਗੀ, ਕਿਉਂਕਿ ਸਬੰਧਿਤ ਡਾਕਟਰ ਇਹ ਸਾਰਾ ਡਾਟਾ ਆਭਾ ਆਈ.ਡੀ ਤੋਂ ਚੈੱਕ ਕਰਨ ਦੇ ਸਮਰਥ ਹੋਣਗੇ ਅਤੇ ਮਰੀਜ਼ ਨੂੰ ਇੱਕ ਤੋਂ ਦੁਸਰੇ ਡਾਕਟਰ ਕੋਲ ਇਲਾਜ ਕਰਵਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਕਿਹਾ ਕਿ ਅਚਾਨਕ ਸਿਹਤ ਸਮੱਸਿਆ ਆਉਣ ਸਮੇਂ ਪਹਿਲਾਂ ਹੋਏ ਇਲਾਜ ਸਬੰਧੀ ਕਾਗਜਾਤ, ਰਿਪੋਰਟਾਂ ਆਦਿ ਦਿਖਾਉਣੀਆਂ ਪੈਂਦੀਆਂ ਹਨ। ਕਈ ਵਾਰ ਅਜਿਹੀਆਂ ਰਿਪੋਰਟਾਂ ਉਪਲੱਭਧ ਨਾ ਹੋਣ ਕਾਰਨ ਮਰੀਜ਼ ਦੇ ਇਲਾਜ ਵਿਚ ਦੇਰੀ ਹੁੰਦੀ ਸੀ। ਇਸ ਦੇਰੀ ਨੂੰ ਖਤਮ ਕਰਨ ਅਤੇ ਰਿਪੋਰਟਾਂ ਆਦਿ ਦੀ ਅੜਚਣ ਨੂੰ ਖਤਮ ਕਰਨ ਦੇ ਮਨੋਰਥ ਨਾਲ ਅਜਿਹੀ ਆਭਾ ਆਈ.ਡੀ ਬਣਾਈ ਜਾ ਰਹੀ ਹੈ। ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਬੇਹਤਰੀਨ ਸਿਹਤ ਸਹੂਲਤਾਂ ਲੈਣ ਅਤੇ ਇਲਾਜ ਸਮੇਂ ਰਿਪੋਰਟਾਂ ਦਾ ਬੋਝ ਚੁੱਕਣ ਤੋਂ ਮੁਕਤ ਹੋਣ ਦੇ ਮਨੋਰਥ ਨਾਲ ਤੁਰੰਤ ਆਭਾ ਆਈ.ਡੀ ਜਰੂਰ ਬਣਾਓ, ਜੋ ਸਮੂਹ ਸਿਹਤ ਕੇਂਦਰ ਵਿਚ ਬਿਲਕੁਲ ਮੁਫਤ ਬਣਾਈ ਜਾ ਰਹੀ ਹੈ। ਕੋਈ ਵੀ ਵਿਅਕਤੀ ਇਸਦਾ ਬਾਰ ਕੋਡ ਸਕੈਨ ਕਰਕੇ ਜਾਂ ਆਨਲਾਈਨ ਸਹੂਲਤ ਰਾਹੀਂ ਆਪਣੀ ਆਭਾ ਆਈ.ਡੀ ਖੁਦ ਬਣਾ ਸਕਦਾ ਹੈ, ਜਿਸ ਲਈ ਆਧਾਰ ਕਾਰਡ ਨੰਬਰ ਦੀ ਜਰੂਰਤ ਹੁੰਦੀ ਹੈ।
ਵਿਨੋਦ ਖੁਰਾਣਾ ਅਤੇ ਦਿਵੇਸ਼ ਕੁਮਾਰ ਨੇ ਦੱਸਿਆ ਕਿ ਇਸ ਆਭਾ ਆਈ.ਡੀ ਦਾ ਫਾਇਦਾ ਹੈ ਕਿ ਜਦੋਂ ਤੁਸੀਂ ਕਿਸੇ ਵੀ ਹਸਪਤਾਲ ਵਿਚ ਪੁੱਜ ਕੇ ਉਥੇ ਲੱਗੇ ਕਿਊ. ਆਰ. ਕੋਡ ਨੂੰ ਸਕੈਨ ਕਰੋਗੇ ਤਾਂ ਤੁਹਾਡੀ ਬਿਨ੍ਹਾਂ ਲਾਈਨ ਵਿਚ ਲੱਗਿਆ ਪਰਚੀ ਕੱਟੀ ਜਾ ਸਕੇਗੀ ਜਿਥੇ ਜਾ ਕੇ ਵਿਅਕਤੀ ਬਿਨਾਂ ਕਿਸੇ ਦੇਰੀ ਤੋਂ ਆਪਣਾ ਇਲਾਜ ਕਰਵਾ ਸਕਦਾ ਹੈ।

