
ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 21 ਮਾਰਚ:
ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ ਸਫਾਈ ਲਈ ਵੱਡੇ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਅਤੇ ਕੌਂਸਲ ਦੇ ਵਾਹਨਾਂ ਰਾਹੀਂ ਡੋਰ-ਟੂ-ਡੋਰ ਗਿੱਲ੍ਹਾ ਤੇ ਸੁੱਕਾ ਕੂੜਾ ਇਕੱਤਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਨਗਰ ਕੌਂਸਲ ਬਸੀ ਪਠਾਣਾ ਦੇ ਕਾਰਜ ਸਾਧਕ ਅਫਸਰ ਸ. ਸੁਖਦੇਵ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬਸੀ ਪਠਾਣਾ ਦੇ ਸਰਕਾਰੀ ਹਸਪਤਾਲ ਤੇ ਬੱਸ ਸਟੈਂਡ ਨੇੜੇ ਰੋਜ਼ਾਨਾਂ ਸਫਾਈ ਕਰਵਾਈ ਜਾਂਦੀ ਹੈ ਅਤੇ ਮਾਮਲਾ ਧਿਆਨ ਵਿੱਚ ਆਉਣ ਤੇ ਮੁੜ ਸਫਾਈ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ਤੇ ਨਗਰ ਕੌਂਸਲ ਵੱਲੋਂ ਲਿਖਤੀ ਤੌਰ ਤੇ ਬੋਰਡ ਵੀ ਲਗਵਾਇਆ ਗਿਆ ਹੈ ਕਿ ਕੂੜਾ ਸੁੱਟਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਕੌਂਸਲ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਕਿ ਆਪਣੇ ਘਰਾਂ ਦਾ ਗਿੱਲ੍ਹਾ ਤੇ ਸੁੱਕਾ ਕੂੜਾ ਕੌਂਸਲ ਦੇ ਵਾਹਨਾਂ ਨੂੰ ਹੀ ਦਿੱਤਾ ਜਾਵੇ ਅਤੇ ਸੜ੍ਹਕਾਂ ਕਿਨਾਰੇ ਕੂੜਾ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਵਿਅਕਤੀ ਸੜ੍ਹਕਾਂ ਕਿਨਾਰੇ ਕੂੜਾ ਸੁੱਟ ਜਾਂਦੇ ਹਨ ਜਿਸ ਨਾਲ ਸ਼ਹਿਰ ਵਿੱਚ ਗੰਦਗੀ ਫੈਲ ਜਾਂਦੀ ਹੈ ਤੇ ਸ਼ਹਿਰ ਦੀ ਦਿੱਖ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸੜ੍ਹਕਾਂ ਕਿਨਾਰੇ ਕੂੜਾ ਸੁੱਟਣ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਤੇ ਕੂੜਾ ਸੁੱਟਣ ਵਾਲਿਆਂ ਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ ਅਧੀਨ ਕਾਰਵਾਈ ਅਮਲ ਵਿੱਚ ਲਿਆ ਕੇ ਚਲਾਨ ਕਰਕੇ ਜੁਰਮਾਨੇ ਵਸੂਲੇ ਜਾਣਗੇ।
ਈ.ਓ. ਸੁਖਦੇਵ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਂਸਲ ਵੱਲੋਂ ਚਲਾਈ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਸੜ੍ਹਕਾਂ ਕਿਨਾਰੇ ਕੂੜਾ ਨਾ ਸੁੱਟਿਆ ਜਾਵੇ।
