ਅਮਲੋਹ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬੀਤੇ ਦਿਨੀ ਸਵੇਰੇ ਮੂੰਹ ਹਨੇਰੇ ਇਕ ਸੰਘਣੀ ਆਬਾਦੀ ਵਾਲੀ ਗਲੀ ਵਿੱਚੋਂ ਦਫਤਰ ਮੂਹਰੇ ਖੜੀ ਇੱਕ ਕਾਰ ਚੋਰੀ ਕਰਕੇ ਲੈ ਗਏ। ਸਾਰੀ ਘਟਨਾ ਸੀਸੀ ਟੀਵੀ ਫੁਟੇਜ ਵਿੱਚ ਕੈਦ ਹੋ ਗਈ। ਕਾਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਅਮਲੋਹ ਪੁਲਸ ਨੂੰ ਕੀਤੀ ਗਈ ਹੈ। ਕਾਰ ਮਾਲਕ ਜਸਵਿੰਦਰ ਸਿੰਘ ਵਾਸੀ ਵਾਰਡ ਨੰਬਰ 11 ਨੇ ਦੱਸਿਆ ਕਿ ਉਸ ਦੀ ਸਵਿਫਟ ਕਾਰ ਪੀਬੀ 12 ਟੀ 4686 ਉਸ ਦੇ ਦਫਤਰ ਅੱਗੇ ਖੜੀ ਸੀ ਜੋ 8 ਅਪ੍ਰੈਲ ਸਵੇਰੇ 4 ਵਜੇ ਦੇ ਕਰੀਬ ਚੋਰੀ ਹੋ ਗਈ ਹੈ। ਜਸਵਿੰਦਰ ਦਾ ਕਹਿਣਾ ਹੈ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਚੋਰੀ ਦੀ ਰਪਟ ਨਹੀਂ ਲਿਖੀ ਕੇਵਲ ਇੱਕ ਲਿਖਤੀ ਸ਼ਿਕਾਇਤ ਲੈ ਕੇ ਰੱਖ ਲਈ ਹੈ।
ਸੀਸੀ ਟੀਵੀ ਫੁਟੇਜ ਸਾਫ ਦਿਖਾਈ ਦੇ ਰਿਹਾ ਹੈ ਕਿ ਬੁੱਧਵਾਰ ਸਵੇਰੇ ਕਰੀਬ ਸਾਢੇ ਤਿੰਨ ਵਜੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਰਡ ਨੰਬਰ 6 ਵਿੱਚ ਆਏ। ਇਕ ਨੌਜਵਾਨ ਜਸਵਿੰਦਰ ਸਿੰਘ ਦੇ ਦਫਤਰ ਅੱਗੇ ਖੜੀ ਕਾਰ ਨੇੜੇ ਉਤਰ ਗਿਆ ਦੂਸਰਾ ਮੋਟਰਸਾਇਕਲ ਲੈ ਕੇ ਚਲਾ ਗਿਆ। ਥੋੜੀ ਦੇਰ ਬਾਅਦ ਮੋਟਰਸਾਈਕਲ ਵਾਲਾ ਨੌਜਵਾਨ ਵੀ ਵਾਪਸ ਆ ਗਿਆ ਇਹਨਾਂ ਨੇ ਕਾਰ ਖੋਲ ਲਈ ਪ੍ਰੰਤੂ ਕਾਰ ਸਟਾਰਟ ਨਹੀਂ ਹੋਈ। ਇਹਨਾਂ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਦੇਖੇ ਕਿ ਇਹ ਕਾਰ ਨੂੰ ਧੱਕਾ ਲਾ ਕੇ ਮੋਟਰਸਾਈਕਲ ਦੀ ਮਦਦ ਨਾਲ ਪੈਰ ਲਾ ਕੇ ਚੋਰੀ ਕਰਕੇ ਲੈ ਗਏ। ਇਸ ਸਾਰੇ ਘਟਨਾ ਕਰਮ ਨੂੰ ਤਕਰੀਬਨ ਸੱਤ ਮਿੰਟ ਦਾ ਟਾਈਮ ਲੱਗਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਸੀਸੀ ਟੀਵੀ ਫੁਟੇਜ ਦੇ ਮੁਤਾਬਿਕ ਇਹ ਚੋਰ ਕਾਰ ਨੂੰ ਅੰਨੀਆ ਰੋਡ ਵੱਲ ਲੈ ਗਏ ਜਿੱਥੋਂ ਅਬਰੋਲ ਰਾਈਸ ਮਿਲ ਤੱਕ ਦਿਖਾਈ ਦਿੰਦੇ ਹਨ ਪਰੰਤੂ ਅੱਗੇ ਪਤਾ ਨਹੀਂ ਚਲਾ ਕਿੱਥੇ ਗਏ। ਸ਼ਹਿਰ ਵਿੱਚ ਇਸ ਤਰ੍ਹਾਂ ਦੀ ਚੋਰੀ ਨੂੰ ਲੈ ਕੇ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
