ਖ਼ਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ “ਵਿਰਸਾ ਸੰਭਾਲ ਸਰਦਾਰੀ ਲਹਿਰ” ਅਤੇ “ਮੇਰੀ ਦਸਤਾਰ ਮੇਰੀ ਸ਼ਾਨ” ਮੁਹਿੰਮ ਤਹਿਤ ਵਿਸ਼ਾਲ ਦਸਤਾਰ ਕੈਂਪ ਲਗਾਇਆ ਗਿਆ।
“ਵਿਰਸਾ ਸੰਭਾਲ ਸਰਦਾਰੀ ਲਹਿਰ” ਦੇ ਮੁਖੀ ਮਨਦੀਪ ਸਿੰਘ ਖੁਰਦ ਵੀ ਆਪਣੀ ਟੀਮ ਸਮੇਤ ਸੇਵਾ ਲਈ ਮੌਕੇ ’ਤੇ ਹਾਜ਼ਰ ਰਹੇ। ਦੋਵਾਂ ਧਿਰਾਂ ਨੇ ਮਿਲ ਕੇ ਇਹ ਕੈਂਪ ਸਫਲਤਾਪੂਰਵਕ ਲਗਾਇਆ ਅਤੇ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਨਾਲ ਜੋੜਿਆ।
ਕੈਂਪ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਜੀ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦਸਤਾਰ ਸਾਨੂੰ ਸ੍ਰੀ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਹੋਇਆ ਤਾਜ ਹੈ, ਜੋ ਸਿੱਖ ਦੀ ਪਹਿਚਾਣ, ਮਰਿਆਦਾ ਅਤੇ ਆਤਮ-ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਸਤਾਰ ਦੀ ਲਾਜ ਰੱਖਣਾ ਹਰ ਸਿੱਖ ਦਾ ਫਰਜ਼ ਹੈ ਅਤੇ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਹਾਨ ਵਿਰਾਸਤ ਨਾਲ ਜੋੜਦੇ ਹਨ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ “ਮੇਰੀ ਦਸਤਾਰ ਮੇਰੀ ਸ਼ਾਨ” ਮੁਹਿੰਮ ਦਾ ਮਕਸਦ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਅਤੇ ਦਸਤਾਰ ਦੀ ਅਹਿਮੀਅਤ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਯੂਥ ਅਕਾਲੀ ਦਲ ਵੱਲੋਂ ਹੁਣ ਤੱਕ ਦੇਸ਼ ਅਤੇ ਵਿਦੇਸ਼ ਵਿੱਚ 500 ਤੋਂ ਵੱਧ ਦਸਤਾਰ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਪ੍ਰੇਰਣਾ ਅਤੇ ਸਿਖਲਾਈ ਦਿੱਤੀ ਗਈ ਹੈ।
ਉਨ੍ਹਾਂ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਿੱਖ ਕੌਮ ਦੀਆਂ ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਵਚਨਬੱਧ ਰਹੇ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ਪਾਰਟੀ ਵੱਲੋਂ ਨੌਜਵਾਨਾਂ ਨੂੰ ਗੁਰਬਾਣੀ, ਗੁਰਮਤਿ ਅਤੇ ਸਿੱਖ ਪਰੰਪਰਾਵਾਂ ਨਾਲ ਜੋੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਆਪਣੀ ਅਸਲ ਪਹਿਚਾਣ ਅਤੇ ਵਿਰਾਸਤ ‘ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਦਸਤਾਰ ਸਿਰਫ਼ ਇਕ ਰਿਵਾਜ ਨਹੀਂ, ਸਗੋਂ ਜ਼ਿੰਮੇਵਾਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਥ ਅਕਾਲੀ ਦਲ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੱਕ ਪਹੁੰਚ ਕਰੇਗਾ ਅਤੇ ਹਰ ਨੌਜਵਾਨ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰੇਗਾ।
ਕੈਂਪ ਦੌਰਾਨ ਸੈਂਕੜਿਆਂ ਸ਼ਰਧਾਲੂਆਂ ਅਤੇ ਨੌਜਵਾਨਾਂ ਨੂੰ ਦਸਤਾਰਾਂ ਬੰਨ੍ਹ ਕੇ ਦਿੱਤੀਆਂ ਗਈਆਂ ਅਤੇ ਦਸਤਾਰ ਬੰਨ੍ਹਣ ਦੀ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ। ਸੰਗਤ ਵੱਲੋਂ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਗਈ।
ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਤੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਦਸਤਾਰ ਸਿਰਫ਼ ਸਿਰ ਦਾ ਸ਼ਿੰਗਾਰ ਨਹੀਂ, ਸਗੋਂ ਸਿੱਖ ਦੀ ਸ਼ਖਸੀਅਤ, ਹਿੰਮਤ ਅਤੇ ਅਟੱਲ ਵਿਸ਼ਵਾਸ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੱਛਮੀ ਪ੍ਰਭਾਵਾਂ ਤੋਂ ਉੱਪਰ ਉੱਠ ਕੇ ਆਪਣੀ ਅਸਲੀ ਵਿਰਾਸਤ ਨਾਲ ਜੁੜਨਾ ਚਾਹੀਦਾ ਹੈ ਅਤੇ ਦਸਤਾਰ ਨੂੰ ਮਾਣ ਅਤੇ ਅਨੁਸ਼ਾਸਨ ਦੇ ਤਾਜ ਵਜੋਂ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਯੂਥ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾ ਕੇ ਹਰ ਨੌਜਵਾਨ ਤੱਕ ਸਿੱਖੀ ਦਾ ਸੰਦੇਸ਼ ਪਹੁੰਚਾਏਗਾ।
ਅੰਤ ਵਿੱਚ ਸਰਬਜੀਤ ਸਿੰਘ ਝਿੰਜਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਸਤਾਰ ਸਾਡੀ ਸ਼ਾਨ ਹੈ ਅਤੇ ਇਹ ਸਾਨੂੰ ਸ੍ਰੀ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ, ਜਿਸ ਦੀ ਸੇਵਾ ਅਤੇ ਸਨਮਾਨ ਕਰਨਾ ਹਰ ਸਿੱਖ ਦਾ ਧਰਮ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਮਜ਼ਬੂਤੀ ਨਾਲ ਜੋੜਨ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ “ਮੇਰੀ ਦਸਤਾਰ ਮੇਰੀ ਸ਼ਾਨ” ਮੁਹਿੰਮ ਤਹਿਤ ਹੋਰ ਵੱਡੇ ਪੱਧਰ ‘ਤੇ ਕੈਂਪ ਲਗਾਏ ਜਾਣਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਹਰ ਘਰ ਵਿੱਚ ਦਸਤਾਰ ਦੀ ਮਹੱਤਤਾ ਨੂੰ ਸਮਝਦਿਆਂ ਨੌਜਵਾਨਾਂ ਨੂੰ ਸਿੱਖੀ ਸਵਰੂਪ ਨਾਲ ਜੋੜਿਆ ਜਾਵੇ ਤਾਂ ਜੋ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਸਦਾ ਬਰਕਰਾਰ ਰਹੇ।
ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ, ਸਥਾਨਕ ਜਥੇਬੰਦੀਆਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਰਹੇ।ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਮੰਤਰੀ ਪੰਜਾਬ dr ਦਲਜੀਤ ਸਿੰਘ ਚੀਮਾ ਜੀ ਹਾਜ਼ਰ ਹੋਏ, ਨਾਲ ਐਗਜੈਕਟਿਵ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸੰਦੀਪ ਸਿੰਘ ਕਲੋਤਾ, ਐਡਵੋਕੇਟ ਗੁਰਪ੍ਰੀਤ ਸਿੰਘ ਫਾਟਵਾਂ, ਸੁਖਬੀਰ ਸਿੰਘ ਕਲਮਾ,ਜਗਦੀਪ ਸਿੰਘ ਕਾਉਂਕੇ, ਜਗਦੀਪ ਸਿੰਘ ਜੱਗੀ ਚੋਲਾ, ਹਰਪ੍ਰੀਤ ਸਿੰਘ ਰਿਚੀ, ਅਵਤਾਰ ਸਿੰਘ ਤਾਰੀ, ਜਤਿੰਦਰ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਰਾਏਪੁਰ, ਅਰਵਿੰਦਰ ਸਿੰਘ ਕਾਲੇਵਾਲ, ਗੁਰਜੀਤ ਸਿੰਘ ਬੈਂਸ , ਰਮਨਦੀਪ ਸਿੰਘ ਕੰਸਾਲਾ, ਗੁਰਪ੍ਰੀਤ ਸਿੰਘ ਢਕੋਰਾਂ ਮੌਜੂਦ ਰਹੇ।
