ਐਸ.ਡੀ.ਐਮ ਦਫਤਰ ਬਸੀ ਪਠਾਣਾ ਦਾ ਸੇਵਾ ਕੇਂਦਰ ਹੁਣ 12 ਘੰਟੇ ਸੇਵਾਵਾਂ ਪ੍ਰਦਾਨ ਕਰੇਗਾ : ਡਿਪਟੀ ਕਮਿਸ਼ਨਰ

ਨਾਗਰਿਕਾਂ ਨੂੰ ਸਰਵੋਤਮ ਪ੍ਰਸ਼ਾਸ਼ਨਿਕ ਸੇਵਾਵਾਂ ਪ੍ਰਦਾਨ ਕਰਨ ਦੀ ਕੜੀ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬਸੀ ਪਠਾਣਾ ਦੇ ਉਪ ਮੰਡਲ ਮੈਜਿਸਟਰੇਟ ਦਫਤਰ ਵਿਖੇ ਸਥਿਤ ਸੇਵਾ ਕੇਂਦਰ ਦੁਆਰਾ ਸੇਵਾਵਾਂ ਪ੍ਰਦਾਨ ਕਰਨ ਦੀ ਸਮਾਂ ਸੀਮਾ ਵਿਚ ਵਾਧਾ ਕੀਤਾ ਹੈ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਡੀ.ਐਮ.ਦਫਤਰ ਬਸੀ ਪਠਾਣਾ ਦਾ ਸੇਵਾ ਕੇਂਦਰ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ, ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਾ ਰੱਖਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਾਮ ਦੀ ਸ਼ਿਫਟ ਵਿੱਚ ਵੀ ਦੋ ਕਰਮਚਾਰੀ ਤਾਇਨਾਤ ਰਹਿਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਨਾਗਰਿਕਾਂ ਨੂੰ ਦਿਨ ਦੌਰਾਨ ਆਪਣਾ ਕੰਮ ਕਾਰਨ ਜਾਂ ਕਿਸੇ ਹੋਰ ਕਾਰਨਾਂ ਕਰਕੇ ਸੇਵਾ ਕੇਂਦਰ ਆਉਣ ਵਿੱਚ ਮੁਸ਼ਕਿਲ ਹੁੰਦੀ ਸੀ, ਉਹ ਹੁਣ ਇਸ ਸੇਵਾ ਕੇਂਦਰ ਵਿਖੇ ਸਵੇਰੇ ਜਾਂ ਦੇਰ ਸ਼ਾਮ, ਆਪਣੀ ਸੁਵਿਧਾ ਅਨੁਸਾਰ, ਆਪਣਾ ਕੰਮ ਕਰਵਾ ਸਕਣਗੇ।

ਇਸ ਦੌਰਾਨ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜ਼ਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਅਜਿਹੀਆਂ ਅਨੇਕਾਂ ਸਰਕਾਰੀ ਸੇਵਾਵਾਂ ਜਿਵੇਂ ਕਿ ਆਧਾਰ ਕਾਰਡ, ਜਨਮ-ਮੌਤ, ਜਾਤੀ, ਆਮਦਨ, ਰਿਹਾਇਸ਼ ਪ੍ਰਮਾਣ ਪੱਤਰ, ਮੈਰਿਜ ਸਰਟੀਫਿਕੇਟ, ਪੈਨਸ਼ਨ ਸਬੰਧੀ ਸੇਵਾਵਾਂ, ਆਯੂਸ਼ਮਾਨ ਕਾਰਡ ਆਦਿ ਵਰਗੀਆਂ ਸਹੂਲਤਾਂ ਨਿਰਧਾਰਿਤ ਸਮਾਂ ਸੀਮਾ ਅੰਦਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *